
*ਜੁਆਇੰਟ ਕਮੇਟੀ ਨੇ ਪੀਪੀਸੀਬੀ ਨੂੰ ਕਾਮਨ ਏਫਲੂਐਂਟ ਟ੍ਰੀਟਮੈਂਟ ਪਲਾਂਟ ਵਿਖੇ ਪ੍ਰਭਾਵੀ ਸਲੱਜ ਪ੍ਰਬੰਧਨ ਲਈ ਲੈਬ ਰਿਪੋਰਟਾਂ ਦੀ ਜਾਂਚ ਕਰਨ ਲਈ ਕਿਹਾ*
ਜਲੰਧਰ *ਗਲੋਬਲ ਆਜਤੱਕ*
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੀਪੀਸੀਬੀ ਦੇ ਅਧਿਕਾਰੀਆਂ ਨੂੰ ਲੈਦਰ ਕੰਪਲੈਕਸ, ਜਲੰਧਰ ਵਿਖੇ ਸਥਿਤ ਪੰਜਾਬ ਏਫਲੂਐਂਟ ਟ੍ਰੀਟਮੈਂਟ ਸੁਸਾਇਟੀ ਪੀਈਟੀਐੱਸ ਵੱਲੋਂ ਚਲਾਏ ਜਾ ਰਹੇ ਕਾਮਨ ਏਫਲੂਐਂਟ ਟ੍ਰੀਟਮੈਂਟ ਪਲਾਂਟ ਤੋਂ ਲੈਬਾਰਟਰੀਆਂ ਵੱਲੋਂ ਲਏ ਗਏ ਸਲੱਜ ਦੇ ਨਮੂਨਿਆਂ ਦੀਆਂ ਟੈਸਟ ਰਿਪੋਰਟਾਂ ਦੇ ਤਕਨੀਕੀ ਹਿੱਸੇ ਦੀ ਜਾਂਚ ਕਰਨ ਲਈ ਆਖਿਆ।
ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਗਠਿਤ ਜੁਆਇੰਟ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਪੀਪੀਸੀਬੀ ਦੇ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਤਾਂ ਜੋ ਸਲੱਜ ਦੇ ਨਿਪਟਾਰੇ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ। ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਪੀਪੀਸੀਬੀ ਵੱਲੋਂ ਟਿੱਪਣੀਆਂ ਪ੍ਰਾਪਤ ਹੋਣ ਤੋਂ ਬਾਅਦ ਕਮੇਟੀ ਡਿਸਪੋਜ਼ਲ ਪਲਾਂਟ ਵਿਖੇ ਸਲੱਜ ਦੇ ਨਿਪਟਾਰੇ ਸਬੰਧੀ ਅਗਲੀ ਕਾਰਵਾਈ ਬਾਰੇ ਅੰਤਿਮ ਫੈਸਲਾ ਲਵੇਗੀ।
ਜ਼ਿਕਰਯੋਗ ਹੈ ਕਿ ਸੀਈਟੀਪੀ ਜਲੰਧਰ ਤੋਂ ਸਾਂਝੀਆਂ ਟੀਮਾਂ ਵੱਲੋਂ ਸਲੱਜ ਦੇ ਨਮੂਨੇ ਲਏ ਗਏ ਸਨ, ਜਿਸ ਸਬੰਧੀ ਅਧਿਕਾਰਤ ਲੈਬਾਂ ਵੱਲੋਂ ਆਪਣੀਆਂ ਰਿਪੋਰਟਾਂ ਪੀਈਟੀਐਸ ਨੂੰ ਸੌਂਪੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਟੈਸਟ ਰਿਪੋਰਟਾਂ ਦੀ ਜਾਂਚ ਕਰੇਗਾ ਅਤੇ ਅਗਲੇਰੀ ਕਾਰਵਾਈ ਲਈ ਇਸ ਦੀਆਂ ਟਿੱਪਣੀਆਂ ‘ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਨੂੰ ਸੂਬਾ ਸਰਕਾਰ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਹੱਲ ਕਰਨ ਲਈ ਪਾਬੰਦ ਹੈ।



