
ਨਗਰ ਕੌਂਸਲ ਨੂੰ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਤੋਂ ਇਲਾਵਾ ਵੇਸਟ ਮੈਨੇਜਮੈਂਟ ਪਲਾਂਟ ਦੇ ਉਚਿਤ ਸੰਚਾਲਨ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ
ਆਦਮਪੁਰ, (ਜਲੰਧਰ) (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਜੰਮੂ ਏਅਰ ਫੋਰਸ ਸਟੇਸ਼ਨ ‘ਤੇ ਹਾਲ ਹੀ ਵਿਚ ਹੋਏ ਡਰੋਨ ਹਮਲੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਮੰਗਲਵਾਰ ਨੂੰ ਆਦਮਪੁਰ ਏਅਰਫੋਰਸ ਸਟੇਸ਼ਨ ਦੇ ਆਸ ਪਾਸ ਦੀਆਂ ਪੰਚਾਇਤਾਂ ਨੂੰ ਆਪਣੇ ਪਿੰਡਾਂ ਵਿਚ ਦਾਖਲ ਹੋਣ ਵਾਲੇ ਬਾਹਰੀ ਲੋਕਾਂ ‘ਤੇ ਸਖ਼ਤ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਸਟੇਸ਼ਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਅਧਿਕਾਰੀ ਨੂੰ ਨੇੜਲੇ ਪਿੰਡਾਂ ਵਿੱਚ ਕਿਰਾਏਦਾਰਾਂ ਅਤੇ ਪੀਜੀਜ਼ ਦੀ ਇਕ ਵਿਸ਼ੇਸ਼ ਵੈਰੀਫਿਕੇਸ਼ਨ ਮੁਹਿੰਮ ਚਲਾਉਣ ਲਈ ਵੀ ਕਿਹਾ।
ਹਰ 6 ਮਹੀਨਿਆਂ ਬਾਅਦ ਹੋਣ ਵਾਲੀ ਏਅਰ ਫੀਲਡ ਵਾਤਾਵਰਣ ਪ੍ਰਬੰਧਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਏਅਰਫੋਰਸ ਸਟੇਸ਼ਨ ਦੇ ਨਜ਼ਦੀਕ ਨਿਰਮਾਣ ਤੋਂ ਲੈ ਕੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੇ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਸਮੇਤ ਕਈ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਏਅਰ ਕੋਮੋਡੋਰ ਜੀਵੀਕੇ ਰੈਡੀ, ਵਿੰਗ ਕਮਾਂਡਰ ਡਾ. ਵਸਾਨੇ ਦੇ ਨਾਲ ਪਿਛਲੀ ਮੀਟਿੰਗ ਵਿਚ ਵਿਚਾਰੇ ਗਏ ਮੁੱਦਿਆਂ ‘ਤੇ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਥੋਰੀ ਨੇ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਨੂੰ ਸ਼ਾਮ ਚੁਰਾਸੀ ਅਤੇ ਅਵਲਪੁਰ ਖੇਤਰਾਂ ਵਿੱਚ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਨੂੰ ਲਾਗੂ ਕਰਦੇ ਹੋਏ ਸ਼ਾਮ ਚੌਰਾਸੀ ਵਿਖੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦੇ ਉਚਿਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਵਰਜਿਤ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਉਸਾਰੀ ਨੂੰ ਖਤਮ ਕਰਨ ਦੀਆਂ ਹਦਾਇਤਾਂ ਜਾਰੀ ਕਰਦਿਆਂ ਏਅਰਫੋਰਸ ਸਟੇਸ਼ਨ ਸਾਈਟ ਦੇ ਨੇੜੇ ਖੁੱਲ੍ਹੇ ਵਿੱਚ ਕੂੜਾ ਸੁੱਟੇ ਜਾਣ ਨੂੰ ਰੋਕਣ ਦੇ ਵੀ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਜੰਗਲਾਤ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਸੀ ਵੀ ਤਰ੍ਹਾਂ ਦੇ ਪੰਛੀ ਦੀ ਚਪੇਟ ਵਿੱਚ ਆਉਣ ਤੋਂ ਬਚਾਅ ਲਈ ਏਅਰਫੋਰਸ ਸਟੇਸ਼ਨ ਦੇ ਨੇੜਲੇ ਦਰੱਖਤਾਂ ਦੀ ਛੰਗਾਈ ਸ਼ੁਰੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਉਨ੍ਹਾਂ ਨਗਰ ਕੌਂਸਲ ਨੂੰ ਮੀਟ ਦੀਆਂ ਦੁਕਾਨਾਂ ਅਤੇ ਬੁੱਚੜਖਾਨਿਆਂ ਨੂੰ ਰਹਿੰਦ-ਖੂਹੰਦ ਨੂੰ ਖੁੱਲ੍ਹੇ ਵਿੱਚ ਨਾ ਸੁੱਟਣ ਦੇ ਆਦੇਸ਼ ਜਾਰੀ ਕਰਨ ਲਈ ਕਿਹਾ, ਜਿੱਥੇ ਪੰਛੀ ਇਕੱਠੇ ਹੁੰਦੇ ਹਨ ਅਤੇ ਇਸ ਸਟੇਸ਼ਨ ਤੋਂ ਚੱਲਣ ਵਾਲੇ ਜਹਾਜ਼ਾਂ ਦੇ ਸੰਚਾਲਨ ਲਈ ਸੰਭਾਵਿਤ ਖ਼ਤਰਾ ਹੋ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਹਦਾਇਤਾਂ ਦੀ ਇੰਨ-ਬਿੰਨ ਕੀਤੀ ਜਾਵੇ। ਇਸ ਕਾਰਜ ਵਿਚ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੁਤਾਹੀ ਵਰਤਣ ਵਾਲੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ, ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।



