
*ਕਿਹਾ ਆਉਣ ਵਾਲੇ ਦਿਨਾਂ ’ਚ ਚੈਕਿੰਗ ਹੋਰ ਤੇਜ਼ ਹੋਵੇਗੀ, ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਸ਼ੁੱਕਰਵਾਰ ਸ਼ਾਮ ਨੂੰ ਇੱਥੇ ਬੱਸਾਂ ਦੀ ਅਚਨਚੇਤ ਚੈਕਿੰਗ ਦੌਰਾਨ ਉਨ੍ਹਾਂ ਦੇ ਪਰਮਿਟਾਂ ਅਤੇ ਹੋਰ ਲੋੜੀਂਦੇ ਦਸਤਾਵੇਜ ਚੈਕ ਕੀਤੇ ਗਏ।
ਟਰਾਂਸਪੋਰਟ ਮੰਤਰੀ ਨੇ ਜਿਲ੍ਹਾ ਪ੍ਰਸ਼ਾਸਨ ਦੇ ਆਧਿਕਾਰੀਆਂ ਸਮੇਤ ਚੈਕਿੰਗ ਦੌਰਾਨ 4 ਬੱਸਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ’ਤੇ ਜਬਤ ਕੀਤਾ ਅਤੇ 4 ਹੋਰ ਬੱਸਾਂ ਨੂੰ ਜੁਰਮਾਨਾਂ ਕਰਨ ਤੋਂ ਇਲਾਵਾ 2 ਬੱਸਾਂ ਦੇ ਰਜਿਸਟਰੇਸ਼ਨ ਸਰਟੀਫਿਕੇਟ ਵੀ ਜਬਤ ਕੀਤੇ ਗਏ।
ਸਥਾਨਕ ਬਿਧੀਪੁਰ ਰੇਲਵੇ ਫਾਟਕ ਅਤੇ ਰਾਮਾ ਮੰਡੀ ਚੌਕ ਵਿਖੇ ਚੈਕਿੰਗ ਵਿੱਚ ਜਿਥੇ 4 ਬੱਸਾਂ ਪਰਮਿਟ ਦੇ ਨਿਯਮਾਂ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ ਜਿਨਾਂ ਵਿੱਚ 3 ਬੱਸਾਂ ਕਰਤਾਰ ਬੱਸ ਸਰਵਿਸ ਅਤੇ 1 ਪੱਡਾ ਟਰਾਂਸਪੋਰਟ ਕੰਪਨੀ ਗੁਰਦਾਸਪੁਰ ਦੀ ਬੱਸ ਸੀ। ਇਸੇ ਤਰ੍ਹਾਂ ਸਹਿਗਲ-ਵਸ਼ਿਸਟ ਬੱਸ ਸਰਵਿਸ ਪਟਿਆਲਾ ਨੂੰ 54000 ਰੁਪਏ, ਕਪੂਰਥਲਾ ਅਧਾਰਿਤ ਬੱਸ ਕੰਪਨੀ ਨੂੰ 10000 ਰੁਪਏ ਅਤੇ 2000 ਹਜ਼ਾਰ ਰੁਪਏ ਰਾਜਧਾਨੀ ਬੱਸ ਹੁਸ਼ਿਆਰਪੁਰ ਅਤੇ 2000 ਰੁਪਏ ਪਾਪੂਲਰ ਰੋਡਵੇਜ਼ ਨੂੰ ਜੁਰਮਾਨਾ ਵੀ ਕੀਤਾ ਗਿਆ। ਇਸ ਤੋਂ ਇਲਾਵਾ 2 ਬੱਸਾਂ ਦੁਆਬਾ ਰੋਡਵੇਜ਼ ਅਤੇ ਪਟਿਆਲਾ ਬੱਸ ਹਾਈਵੇਜ਼ ਦੇ ਰਜਿਸਟਰੇਸ਼ਨ ਸਰਟੀਫਿਕੇਟ ਵੀ ਜਬਤ ਕੀਤੇ ਗਏ। ਟੈਕਸ ਚੋਰੀ ਕਰਨ ਜਾਂ ਲੋੜੀਂਦੇ ਦਸਤਾਵੇਜਾਂ ਤੋਂ ਬਿਨਾ ਬੱਸਾਂ ਚਲਾਉਣ ਵਾਲਿਆਂ ਨੂੰ ਸ਼ਖਤ ਚਿਤਾਵਨੀ ਦਿੰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਰੁਝਾਨ ਹੁਣ ਨਹੀਂ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਜਾਂਚ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



