
*ਟੀਬੀ ਚੈਂਪੀਅਨਜ਼ ਵਲੋਂ ਇਕ ਹਫਤੇ ਦੌਰਾਨ 32 ਟੀਬੀ ਮਰੀਜਾਂ ਨਾਲ ਸੰਪਰਕ ਸਾਧ ਕੇ ਕੀਤਾ ਜਾ ਰਿਹਾ ਜਾਗਰੂਕ—ਸਿਵਲ ਸਰਜਨ ਡਾ. ਰਣਜੀਤ ਸਿੰਘ*
*ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
2025 ਤੱਕ ਦੇਸ਼ ਨੂੰ ਟੀਬੀ ਮੁਕਤ ਕਰਨ ਦੇ ਟੀਚੇ ਨੂੰ ਮੁੱਖ ਰੱਖਦਿਆਂ ਟੀਬੀ ਮਰੀਜਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਅਤੇ ਵਰਲਡ ਵਿਜ਼ਨ ਇੰਡੀਆ ਸੰਸਥਾ ਵਲੋਂ ਯੂਨਾਈਟ-ਟੂ-ਐਕਟ ਪ੍ਰੋਗਰਾਮ ਤਹਿਤ 3 ਮਾਰਚ ਨੂੰ 14 ਟੀਬੀ ਚੈਂਪੀਅਨ ਬਣਾਏ ਗਏ ਸਨ। ਜਿਲ੍ਹਾ ਟੀਬੀ ਸੈਂਟਰ ਸਿਵਲ ਹਸਪਤਾਲ ਜਲੰਧਰ ਵਿਖੇ ਟੀਬੀ ਚੈਂਪੀਅਨਜ਼ ਨੂੰ ਉਨ੍ਹਾਂ ਦੇ ਇਕ ਹਫਤੇ ਦੇ ਕੰਮ ਦੀ ਸਮੀਖਿਆ ਕਰਕੇ ਟੀਬੀ ਮਰੀਜਾਂ ਨੂੰ ਜਾਗਰੂਕ ਕਰਨ ਹਿੱਤ ਸੈਂਸੇਟਾਈਜ ਕੀਤਾ ਗਿਆ।
ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਟੀਬੀ ਚੈਂਪੀਅਨਜ਼ ਵਲੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਹਿਲੇ ਹਫਤੇ ਦੋਰਾਨ 32 ਟੀਬੀ ਮਰੀਜਾਂ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਟੀਬੀ ਰੋਗ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਨ੍ਹਾਂ ਚੈਂਪੀਅਨਜ਼ ਵਲੋਂ ਟੀਬੀ ਮਰੀਜਾਂ ਨਾਲ ਰਾਬਤਾ ਕਾਇਮ ਕਰਦਿਆਂ ਸਹਿ ਰੋਗਾਂ (ਬੀਪੀ, ਸ਼ੂਗਰ, ਦਿਲ, ਕਿਡਨੀ ਅਤੇ ਛਾਤੀ ਦੇ ਰੋਗ ਆਦਿ) ਨਾਲ ਪੀੜਤ ਹੋਣ ਦੇ ਬਾਰੇ ਵੀ ਜਾਣਕਾਰੀ ਲਈ ਗਈ। ਟੀਬੀ ਮਰੀਜਾਂ ਨੂੰ ਵਰਤੀ ਜਾਣ ਵਾਲੀ ਇਹਤਿਆਤ ਬਾਰੇ ਵੀ ਦੱਸਿਆ ਗਿਆ। ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਇਨ੍ਹਾਂ ਟੀਬੀ ਚੈਂਪਿਅਨਾਂ ਵਲੋਂ ਕੀਤੇ ਜਾ ਰਹੇ ਕੰਮ ਦੀ ਹਫਤਾਵਾਰੀ ਸਮੀਖਿਆ ਵੀ ਕੀਤੀ ਜਾਵੇਗੀ।
ਜਿਲ੍ਹਾ ਟੀਬੀ ਅਫਸਰ ਡਾ. ਰਘੂਪ੍ਰਿਯਾ ਵਲੋਂ ਦੱਸਿਆ ਗਿਆ ਕਿ ਬੁਧਵਾਰ ਨੂੰ ਟੀਬੀ ਚੈਂਪੀਅਨਜ਼ ਦੀ ਸੈਂਸੇਟਾਈਜੇਸ਼ਨ ਦੋਰਾਨ ਉਨ੍ਹਾਂ ਨੂੰ ਟੀਬੀ ਦੇ ਇਲਾਜ ਦੀਆਂ ਨਵੀਆਂ ਤਕਨੀਕਾਂ, ਰਿਕਾਰਡ ਰੱਖਣ ਲਈ ਨਿਰਧਾਰਤ ਫਾਰਮ ਆਦਿ ਭਰਨ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਨੀਲਮ ਕੁਮਾਰੀ ਟ੍ਰੀਟਮੈਂਟ ਆਰਗੇਨਾਈਜ਼ਰ, ਡਾ. ਜੋਤੀ ਬਾਲਾ ਡਿਸਟ੍ਰਿਕ ਕਮਿਊਨਿਟੀ ਕੋਆਰਡੀਨੇਟਰ ਜਲੰਧਰ, ਡਾਟਾ ਐਂਟ੍ਰੀ ਆਪਰੇਟਰ ਰੀਨਾ ਰਾਣੀ ਮੌਜੂਦ ਸਨ।
*ਡੱਬੀ— ਟੀਬੀ ਵੁਮਨ ਕੰਪੇਨ ਚਲਾ ਮਹਿਲਾਵਾਂ ਨੂੰ ਦਿਵਾਇਆ ਟੀਬੀ ਮੁਕਤ ਦੇਸ਼ ਦਾ ਸੰਕਲਪ*
ਜਿਲ੍ਹਾ ਟੀਬੀ ਅਫਸਰ ਡਾ. ਰਘੂਪ੍ਰਿਯਾ ਵਲੋਂ ਦੱਸਿਆ ਗਿਆ ਕਿ 24 ਮਾਰਚ ਨੂੰ ਵਿਸ਼ਵ ਟੀਬੀ ਦਿਵਸ ਮਨਾਇਆ ਜਾਵੇਗਾ ਅਤੇ ਵੱਖ-ਵੱਖ ਗਤੀਵਿਧਿਆਂ ਰਾਂਹੀ ਦੇਸ਼ ਨੂੰ 2025 ਤੱਕ ਟੀਬੀ ਮੁਕਤ ਬਣਾਉਣ ਲਈ ਲਗਾਤਾਰ ਲੋੜੀਂਦੇ ਯਤਨ ਕੀਤੇ ਜਾ ਰਹੇ ਹਨ। ਇਸ ਵਾਰ ਮਾਰਚ 3 ਤੋਂ ਮਾਰਚ 9 ਤੱਕ ਟੀਬੀ ਮੁਕਤ ਅਭਿਆਨ ਵਿੱਚ ਔਰਤਾਂ ਦੀ ਸਾਂਝੇਦਾਰੀ ਨੂੰ ਯਕੀਨੀ ਬਣਾਉਣ ਲਈ ਟੀਬੀ ਵੁਮਨ ਕੰਪੇਨ ਚਲਾਈ ਗਈ। ਇਸ ਅਭਿਆਨ ਤਹਿਤ ਬੁਧਵਾਰ ਨੂੰ ਜਿਲ੍ਹਾ ਟੀਬੀ ਕੇਂਦਰ ਵਿਖੇ ਟੀਬੀ ਦੇ ਇਲਾਜ ਲਈ ਮੌਜੂਦ ਮਹਿਲਾਵਾਂ ਅਤੇ ਹੋਰ ਔਰਤਾਂ ਨੂੰ ਟੀਬੀ ਦੇ ਇਲਾਜ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਟੀਬੀ ਮੁਕਤ ਦੇਸ਼ ਦਾ ਸੰਕਲਪ ਵੀ ਦਵਾਇਆ ਗਿਆ।



