
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦਿਹਾਤੀ ਵਲੋਂ 38 ਹੈਲਥ ਅਤੇ ਵੈਲਨੈਸ ਸੈਂਟਰ ਤੇ ਬਿਲਗਾ ਪੁਲਿਸ ਸਟੇਸ਼ਨ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ
*ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦਿਹਾਤੀ ਵਲੋਂ 38 ਹੈਲਥ ਅਤੇ ਵੈਲਨੈਸ ਸੈਂਟਰ ਤੇ ਬਿਲਗਾ ਪੁਲਿਸ ਸਟੇਸ਼ਨ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ*
*ਸੁਵਿਧਾਵਾਂ ਨੂੰ ਅਪਗ੍ਰੇਡ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਮਿਲਣਗੀਆਂ ਮਿਆਰੀ ਸਿਹਤ ਸੁਵਿਧਾਵਾਂ ਨਵੇਂ ਸੈਂਟਰ ਟੈਲੀ ਕੰਸਲਟੈਂਸੀ ਅਤੇ ਵਧੀਆ ਦਵਾਈ ਸਪਲਾਈ ਪ੍ਰਣਾਲੀ ਨਾਲ ਲੈਸ* ਅਮਰਜੀਤ ਸਿੰਘ ਲਵਲਾ ਜਲੰਧਰ ਜ਼ਿਲ੍ਹੇ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦਿਆ 38 ਸਿਹਤ ਅਤੇ ਵੈਲਨੈਸ ਸੈਂਟਰਾਂ ਦਾ ਉਦਘਾਟਨ ਕੀਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਦਘਾਟਨ ਸਬੰਧੀ ਵਰਚੂਅਲ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਅਤੇ ਐਸਐਸਪੀ ਡਾ.ਸੰਦੀਪ ਗਰਗ ਨੇ ਕਿਹਾ ਕਿ ਇਨਾਂ ਹੈਲਥ ਅਤੇ ਵੈਲਨੈਸ ਸੈਂਟਰਾਂ ਨਾਲ ਜ਼ਿਲ੍ਹੇ ਵਿੱਚ ਸਮੁੱਚੀ ਸਿਹਤ ਸੇਵਾਵਾਂ ਦਾ ਮੁਹਾਂਦਰਾ ਹੀ ਬਦਲ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਬ ਹੈਲਥ ਸੈਂਟਰਾਂ ਅਤੇ ਵੈਲਨੈਸ ਸੈਂਟਰਾਂ ਨੂੰ ਅਤਿ ਆਧੁਨਿਕ ਹੈਲਥ ਅਤੇ ਵੈਲਨੈਸ ਸੈਂਟਰਾਂ ਵਿੱਚ ਬਦਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਹੈਲਥ ਅਤੇ ਵੈਲਨੈਸ ਸੈਂਟਰਾਂ ਨੂੰ ਸੁਚਾਰੂ ਦਵਾਈ ਪ੍ਰਣਾਲੀ ਅਤੇ ਟੈਲੀ ਕੰਸਲਟੈਂਸੀ ਸਹੂਲਤ ਨਾਲ ਲੈਸ ਕੀਤਾ ਗਿਆ ਹੈ।
ਇਹ ਨਵੇਂ 38 ਹੈਲਥ ਅਤੇ ਵੈਲਨੈਸ ਸੈਂਟਰ ਜੱਜਾਂ ਖੁਰਦ, ਕੋਟ ਗਰੇਵਾਲ, ਤਾਰੁਣ, ਭਾੜ ਸਿੰਗ ਪੁਰ, ਖਹਿਰਾ ਮਾਝਾ, ਰਾਮੇਵਾਲ, ਸਾਗਰਪੁਰ, ਜੈਤੇਵਾਲੀ, ਮਾਣਕਰਾਏ, ਜੱਜਾਂ ਕਲਾਂ, ਰੁੜਕੀ, ਸੁਨੇੜ ਕਲਾਂ, ਗੋਹਾਵਰ, ਬੋਪਾਰਾਏ, ਸੰਗ ਢੇਸੀਆਂ, ਮਾਹਲ, ਅਠੌਲਾ, ਬੜਾ ਪਿੰਡ, ਕਾਲਾ ਬਾਹੀਆਂ, ਖੁਸਰੋਪੁਰ, ਫਤਿਹ ਜਲਾਜ, ਬੁਲੰਦਾ, ਮਹਿਸਮਪੁਰ, ਬਾਠ, ਬਜੂਹਾ ਖੁਰਦ, ਕੰਗ ਸਾਬੋ, ਮਿਊਂਵਾਲ, ਫਤਿਹਪੁਰ ਭਗਵਾਨ, ਕੰਗਨਾ, ਕੋਟਲੀ ਗੁਜਰਾਂ, ਤਲਵੰਡੀ ਸੰਗੜਾ, ਪੂਨੀਆਂ, ਬ੍ਰਹਾਮਣੀਆਂ, ਬੱਗਾ ਅਤੇ ਸਨੌੜਾ ਪਿੰਡਾਂ ਵਿੱਚ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਦੱਸਿਆ ਕਿ ਇਨਾਂ ਸੈਂਟਰਾਂ ਵਲੋਂ ਗਰਭਵਤੀ ਮਹਿਲਾਵਾਂ ਅਤੇ ਜਣੇਪੇ ਦੌਰਾਨ ਸਹੂਲਤਾਂ, ਨਵ ਜਨਮੇ ਅਤੇ ਛੋਟੇ ਬੱਚਿਆਂ ਦੀ ਸਿਹਤ ਸੰਭਾਲ, ਪਰਿਵਾਰ ਨਿਯੋਜਨ, ਸੰਚਾਰੀ ਅਤੇ ਗੈਰ ਸੰਚਾਰੀ ਬਿਮਾਰੀਆਂ ਦੇ ਇਲਾਜ, ਓ.ਪੀ.ਡੀ. ਸੇਵਾਵਾਂ, ਸਕਰੀਨਿੰਗ, ਦੰਦਾਂ ਦੀ ਸੰਭਾਲ, ਐਮਰਜੈਂਸੀ ਮੈਡੀਕਲ ਸਿਹਤ ਸੰਭਾਲ ਸੇਵਾਵਾਂ ਅਤੇ ਮਾਨਸਿਕ ਰੋਗਾਂ ਸਬੰਧੀ ਸਿਹਤ ਸੰਭਾਲ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਲਾਭਪਾਤਰੀ ਕਸ਼ਮੀਰ ਕੌਰ ਨੇ ਦੱਸਿਆ ਕਿ ਇਨ੍ਹਾਂ ਹੈਲਥ ਅਤੇ ਵੈਲਨੈਸ ਸੈਂਟਰ ਨੇ ਉਸ ਦੇ ਜੀਵਨ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ‘ਤੇ ਹੁਣ ਉਹ ਇਨਾਂ ਵਿਚੋਂ ਇਕ ਹੈਲਥ ਅਤੇ ਵੈਲਨੈਸ ਸੈਂਟਰ ਤੋਂ ਆਪਣਾ ਇਲਾਜ ਕਰਵਾ ਰਹੀ ਹੈ, ਜਦਕਿ ਇਸ ਤੋਂ ਪਹਿਲਾਂ ਉਸ ਨੂੰ ਆਪਣੇ ਆਮ ਸਿਹਤ ਜਾਂਚ ਲਈ ਦੂਰ ਸ਼ਹਿਰ ਜਾਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਸਿਹਤ ਸੰਭਾਲ ਦੀਆਂ ਸੇਵਾਵਾਂ ਤੋਂ ਇਲਾਵਾ ਸੈਂਟਰ ਵਲੋਂ ਤੰਦਰੁਸਤ ਰਹਿਣ ਲਈ ਯੋਗਾ ਆਦਿ ਦੀਆਂ ਕਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ਸੂਬੇ ਭਰ ਵਿੱਚ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਬਦਲਾਅ ਲਿਆਉਣ ਲਈ ਧੰਨਵਾਦ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ.ਬਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਲੋਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਪਹਿਲੀ ਅਪ੍ਰੈਲ ਤੋਂ ਕੋਵਿਡ ਵੈਕਸੀਨ ਲਗਾਉਣ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਸੈਂਟਰਾਂ ਵਿੱਚ ਲੋੜੀਂਦੀ ਮਸ਼ੀਨਰੀ ਲਗਾਉਣ ਤੋਂ ਇਲਾਵਾ ਕਮਿਊਨਟੀ ਹੈਲਥ ਕੇਅਰ ਅਫ਼ਸਰ, ਆਸਾ ਵਰਕਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ਼ ਤੋਂ ਇਲਾਵਾ ਟੈਲੀ-ਕੰਸਲਟੈਂਸੀ ਸੇਵਾਵਾਂ ਨਾਲ ਲੈਸ ਕੀਤਾ ਗਿਆ ਹੈ।
ਇਸ ਮੌਕੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਬਿਲਗਾ ਪੁਲਿਸ ਥਾਣੇ ਦੀ ਇਮਾਰਤ ਦਾ ਵੀ ਉਦਘਾਟਨ ਕੀਤਾ ਗਿਆ। ਐਸਐਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਹ ਇਮਾਰਤ 1.6 ਕਰੋੜ ਦੀ ਲਾਗਤ ਨਾਲ ਬਣਾਈ ਗਈ ਹੈ ਜਿਸ ਅਧੀਨ 1500 ਕਿਲੋਮੀਟਰ ਦਾ ਖੇਤਰ ਆਉਣਾ ਹੈ ਜੋ ਕਿ 44 ਪਿੰਡਾਂ ਦੀ 25000 ਵਸੋਂ ਨੂੰ ਕਵਰ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਤਿੰਨ ਮੰਜ਼ਿਲਾ ਇਮਾਰਤ ਵਿੱਚ ਵੇਟਿੰਗ ਹਾਲ, ਆਈਓ, ਕੈਬਿਨ ਸਟਾਫ਼ ਬੈਰਕ, ਬਾਥਰੂਮ, ਵਾਇਰਲੈਸ ਰੂਮ, ਮੈਸ, ਜੀਓ ਰੈਂਕ ਦੇ ਅਫ਼ਸਰਾ ਲਈ ਬੈਰਕ ਆਦਿ ਮੌਜੂਦ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਹਰਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।



