
ਡਿਪਟੀ ਕਮਿਸ਼ਨਰ ‘ਤੇ ਸੀਚੇਵਾਲ ਵਲੋਂ ਲੋੜਵੰਦਾਂ ਲਈ 11 ਰੁਪਏ ’ਚ ਮਿਲਣ ਵਾਲੀ ਆਕਸੀਜਨ ਨਾਲ ਲੈਸ ਐਂਬੂਲੈਂਸ ਦੀ ਸ਼ੁਰੂਆਤ
ਐਨਜੀਓਜ਼ ਵਲੋਂ ਔਖੀ ਘੜੀ ’ਚ ਲੋਕ ਸੇਵਾ ’ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਅਤੇ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਅੱਜ ਲੋੜਵੰਦ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ 11 ਰੁਪਏ ਵਿੱਚ ਉਪਲਬੱਧ ਹੋਣ ਵਾਲੀ ਆਕਸੀਜਨ ਨਾਲ ਲੈਸ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ।
ਲੋਕਾਂ ਭਲਾਈ ਲਈ ਅਤਿ ਲੋੜੀਂਦੀ ਸੇਵਾ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮਾਨਵਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਿਸਾਲੀ ਸੇਵਾ ਦੀ ਉਦਾਹਰਣ ਸੂਬੇ ਤੋਂ ਇਲਾਵਾ ਪੂਰੇ ਦੇਸ਼ ਵਿੱਚ ਵੀ ਕਿਤੇ ਨਹੀਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਨਾਲ ਲੈਸ ਇਹ ਐਂਬੂਲੈਂਸ ਲੋੜਵੰਦ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਤੀ ਜੋ ਇਸ ਸਹੂਲਤ ਦਾ ਲਾਭ ਲੈਣਾ ਚਾਹੁੰਦਾ ਹੈ ਫੋਨ ਨੰਬਰ 9115560161 ’ਤੇ ਸੰਪਰਕ ਕਰਕੇ ਸੇਵਾਵਾਂ ਦਾ ਲਾਭ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਕਰਕੇ ਸਿਹਤ ਸੰਭਾਲ ਵਿਵਸਥਾ ’ਤੇ ਭਾਰੀ ਬੋਝ ਪਿਆ ਹੋਇਆ ਹੈ, ਤਾਂ ਐਨਜੀਓਜ਼ ਆਖ਼ਰੀ ਉਮੀਦ ਵਲੋਂ ਇਹ ਐਂਬੂਲੈਂਸ ਸੇਵਾ ਚਲਾਉਣਾ ਆਸ ਦੀ ਕਿਰਨ ਵਾਂਗ ਹੈ। ਉਨ੍ਹਾਂ ਕਿਹਾ ਕਿ ਇਸ ਐਨਜੀਓਜ਼ ਵਲੋਂ ਕੀਤੇ ਜਾ ਰਹੇ ਉਪਰਾਲੇ ਹੋਰਨਾਂ ਨੂੰ ਵੀ ਲੋੜਵੰਦ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨਗੇ।
ਇਸ ਮੌਕੇ ਐਨਜੀਓ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਵਲੋਂ ਡਿਪਟੀ ਕਮਿਸ਼ਨਰ ‘ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਐਨਜੀਓ ਵਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂੰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਐਨਜੀਓ ਵਲੋਂ ਹੁਣ ਤੱਕ ਕੋਵਿਡ ਕਰਕੇ ਮੌਤ ਹੋਣ ’ਤੇ 500 ਮ੍ਰਿਤਕ ਦੇਹਾਂ ਦਾ ਸਸਕਾਰ ਕਰਨ ਤੋਂ ਇਲਾਵਾ ਲੋੜਵੰਦ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਐਨਜੀਓ ਵਲੋਂ ਲੋੜਵੰਦ ਲੋਕਾਂ ਨੂੰ ਖਾਣਾ, ਦਵਾਈਆਂ ਅਤੇ ਕਪੜੇ 11 ਰੁਪਏ ’ਚ ਮੁਹੱਈਆ ਕਰਵਾਏ ਜਾ ਰਹੇ ਹਨ।



