
7 ਜਨਵਰੀ ਤੱਕ ਲਗਾਈਆਂ ਜਾਣਗੀਆਂ ਮੁਫ਼ਤ ਡਾਂਸ ਕਲਾਸਾਂ, ਰੈਗੂਲਰ ਕਲਾਸਾਂ 10 ਤੋਂ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਕਲਚਰਲ ਐਂਡ ਲਿਟਰੇਰੀ ਸੁਸਾਇਟੀ ਘਨਸ਼ਿਆਮ ਥੋਰੀ ਦੀ ਰਹਿਨੁਮਾਈ ਹੇਠ ਸੋਮਵਾਰ ਨੂੰ ਵਿਰਸਾ ਵਿਹਾਰ ਜਲੰਧਰ ਵਿਖੇ ਡਾਂਸ ਵਿਭਾਗ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਡਾ. ਸੰਤੋਸ਼ ਵਿਆਸ ਹੈੱਡ ਆਫ ਦਿ ਡਿਪਾਰਟਮੈਂਟ (ਡਾਂਸ) ਏਪੀਜੇ ਕਾਲਜ ਜਲੰਧਰ ਨੇ ਵਿਭਾਗ ਦਾ ਉਦਘਾਟਨ ਕਰਦਿਆਂ ਕਿਹਾ ਕਿ ਡਾਂਸ ਸਿੱਖਣ ਦੇ ਚਾਹਵਾਨਾਂ ਲਈ ਇਹ ਸੁਨਹਿਰੀ ਮੌਕਾ ਹੈ, ਜੋ ਕਿ ਇਨ੍ਹਾਂ ਕਲਾਸਾਂ ਨੂੰ ਜੁਆਇਨ ਕਰਕੇ ਆਪਣੇ ਡਾਂਸ ਦੇ ਸ਼ੌਂਕ ਨੂੰ ਪੂਰਾ ਕਰ ਸਕਦੇ ਹਨ। ਇਸ ਮੌਕੇ ਡਾ. ਰੰਜਨਾ ਪ੍ਰੋਫੈਸਰ ਏਪੀਜੇ ਕਾਲਜ ਜਲੰਧਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਵਧੇਰੇ ਜਾਣਕਾਰੀ ਦਿੰਦਿਆਂ ਜੀਓਜੀ ਜਲੰਧਰ ਦੇ ਮੁਖੀ ਮੇਜਰ ਜਨਰਲ ਸੇਵਾਮੁਕਤ ਬਲਵਿੰਦਰ ਸਿੰਘ ਨੇ ਦੱਸਿਆ ਕਿ 7 ਜਨਵਰੀ, 2022 ਤੱਕ ਮੁਫ਼ਤ ਡਾਂਸ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਰੈਗੂਲਰ ਡਾਂਸ ਕਲਾਸਾਂ 10 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲਾਸਾਂ ਵਿੱਚ ਕਲਾਸੀਕਲ ਡਾਂਸ, ਭੰਗੜਾ ‘ਤੇ ਹਿਪ-ਹਾਪ ਡਾਂਸ ਸਿਖਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਅਗਲੇ ਹਫ਼ਤੇ ਤੋਂ ਵਿਰਸਾ ਵਿਹਾਰ ਵਿਖੇ ਸੰਗੀਤ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਬਲਵਿੰਦਰ ਸਿੰਘ, ਜੋ ਕਿ ਸੁਸਾਇਟੀ ਦੇ ਮੀਤ ਪ੍ਰਧਾਨ ਵੀ ਹਨ, ਨੇ ਕਿਹਾ ਕਿ ਕੋਈ ਵੀ ਚਾਹਵਾਨ ਡਾਂਸ ਸਿੱਖਣ ਲਈ ਵਿਰਸਾ ਵਿਹਾਰ ਦੀ ਦੂਜੀ ਮੰਜ਼ਿਲ ਵਿਖੇ ਡਾਂਸ ਵਿਭਾਗ ਵਿੱਚ ਸੰਪਰਕ ਕਰ ਸਕਦਾ ਹੈ। ਇਸ ਮੌਕੇ ਪ੍ਰਸਿੱਧ ਕਲਾਕਾਰ ਬਸੂ ਦੇਵ ਬਿਸਵਾਸ, ਕੈਪਟਨ ਆਈਐਸ. ਧਾਮੀ ਸਕੱਤਰ ਅਤੇ ਹੋਰ ਮੌਜੂਦ ਸਨ।



