ElectionJalandharPunjab

*ਡਿਪਟੀ ਕਮਿਸ਼ਨਰ ਨੇ ਚੋਣਾਂ ਲਈ ਈਵੀਐਮਜ਼ ‘ਤੇ ਵੀਵੀਪੈਟ ਦੀ ਤਿਆਰੀ ਦੇ ਕੰਮ ਦਾ ਲਿਆ ਜਾਇਜ਼ਾ*

*ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ‘ਚ ਵੋਟਿੰਗ ਮਸ਼ੀਨਾਂ ਦੀ ਤਿਆਰੀ*
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਅੱਜ ਉਮੀਦਵਾਰਾਂ ‘ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ 20 ਫਰਵਰੀ ਨੂੰ ਮਤਦਾਨ ਵਾਲੇ ਦਿਨ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਅਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟਰੇਲ (ਵੀਵੀਪੈਟ) ਮਸ਼ੀਨਾਂ ਦੀ ਤਿਆਰੀ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ।

ਰਾਇਜ਼ਾਦਾ ਹੰਸਰਾਜ ਸਟੇਡੀਅਮ ਵਿਖੇ ਫਿਲੌਰ ਵਿਧਾਨ ਸਭਾ ਹਲਕੇ ਲਈ ਈਵੀਐਮਜ਼ ਅਤੇ ਵੀਵੀਪੈਟਸ ਦੀ ਤਿਆਰੀ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਲਈ ਕ੍ਰਮਵਾਰ 2374 ਬੈਲਟ ਯੂਨਿਟਾਂ, 2374 ਕੰਟਰੋਲ ਯੂਨਿਟਾਂ ਅਤੇ 2571 ਵੀਵੀਪੈਟ ਯੂਨਿਟਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨਾਂ ਦੀ ਤਿਆਰੀ ਦਾ ਮੁੱਖ ਉਦੇਸ਼ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਨੂੰ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣਾ ਹੈ। ਨਿਰਪੱਖ ਅਤੇ ਪਾਰਦਰਸ਼ੀ ਪੋਲਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਹਰੇਕ ਹਲਕੇ ਲਈ ਅਲਾਟ ਕੁੱਲ ਈਵੀਐਮਜ਼ ਅਤੇ ਵੀਵੀਪੈਟਸ ਵਿੱਚੋਂ ਰੈਂਡਮ ਢੰਗ ਨਾਲ ਚੁਣੀਆਂ 5 ਫੀਸਦੀ ਮਸ਼ੀਨਾਂ ‘ਤੇ ਘੱਟ ਤੋਂ ਘੱਟ 1000 ਮੋਕ ਪੋਲ ਕਰਵਾਈ ਜਾਵੇ ਅਤੇ ਇਸ ਸਮੁੱਚੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਯਕੀਨੀ ਬਣਾਈ ਜਾਵੇ ਤਾਂ ਜੋ ਨਿਰਪੱਖ ਅਤੇ ਪਾਰਦਰਸ਼ੀ ਚੋਣ ਅਮਲ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਸਮੁੱਚੀ ਪ੍ਰਕਿਰਿਆ ਦੌਰਾਨ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 8 ਫਰਵਰੀ ਨੂੰ ਬੂਥਵਾਰ ਵੰਡ ਲਈ ਈਵੀਐਮਜ਼ ਅਤੇ ਵੀਵੀਪੈਟਸ ਦੀ ਦੂਜੀ ਰੈਂਡੇਮਾਈਜ਼ੇਸ਼ਨ ਕੀਤੀ ਗਈ ਸੀ, ਜਿਸ ਉਪਰੰਤ ਅੱਜ ਸਮੂਹ ਹਲਕਿਆਂ ਲਈ ਅਲਾਟ ਵੋਟਿੰਗ ਮਸ਼ੀਨਾਂ ਦੀ ਤਿਆਰੀ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਸੈਕਟਰ ਅਫ਼ਸਰਾਂ ਨੂੰ ਈਵੀਐਮਜ਼ ਅਤੇ ਵੀਵੀਪੈਟਸ ਦੀ ਤਿਆਰੀ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਰਕਾਰੀ ਕਾਲਜ ਲਾਡੋਵਾਲੀ ਰੋਡ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇੜੇ ਅਲਾਸਕਾ ਚੌਕ, ਖਾਲਸਾ ਕਾਲਜ ਫਾਰ ਵੂਮੈਨ ਕੈਂਟ ਰੋਡ ਦੌਰਾ ਕਰਕੇ ਉਥੇ ਕ੍ਰਮਵਾਰ ਹਲਕਾ ਜਲੰਧਰ ਕੈਂਟ, ਜਲੰਧਰ ਉੱਤਰੀ ਅਤੇ ਹਲਕਾ ਕਰਤਾਰਪੁਰ ਲਈ ਅਲਾਟ ਕੀਤੀਆਂ ਗਈਆਂ ਈਵੀਐਮਜ਼ ਅਤੇ ਵੀਵੀਪੈਟ ਮਸ਼ੀਨਾਂ ਦੀ ਤਿਆਰੀ ਦਾ ਵੀ ਜਾਇਜ਼ਾ ਲਿਆ ਗਿਆ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਹਰਪ੍ਰੀਤ ਸਿੰਘ ਅਟਵਾਲ ਅਤੇ ਬਲਬੀਰ ਰਾਜ ਸਿੰਘ, ਸੈਕਟਰੀ ਰੀਜਨਲ ਟਰਾਂਸਪੋਰਟ ਅਥਾਰਟੀ ਰਾਜੀਵ ਵਰਮਾ, ਡਾ. ਰਜਤ ਓਬਰਾਏ, ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ, ਨਾਇਬ ਤਹਿਸੀਲਦਾਰ-1 ਰਵਿੰਦਰ ਚੀਮਾ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!