ElectionJalandharPunjab

ਡਿਪਟੀ ਕਮਿਸ਼ਨਰ ਨੇ ਚੋਣ ਲੜਨ ਵਾਲੇ ਸਮੂਹ ਉਮੀਦਵਾਰਾਂ ਨੂੰ ਆਪਣੇ ਚੋਣ ਖਰਚੇ ਦਾ ਮੁਕੰਮਲ ਤੇ ਦਰੁੱਸਤ ਲੇਖਾ-ਜੋਖਾ 9 ਅਪ੍ਰੈਲ ਤੱਕ ਜਮ੍ਹਾ ਕਰਵਾਉਣ ਲਈ ਕਿਹਾ

*ਕਿਹਾ ਅਜਿਹਾ ਨਾ ਕਰਨ ’ਤੇ ਭਾਰਤ ਚੋਣ ਕਮਿਸ਼ਨ ਵੱਲੋਂ ਸਬੰਧਤ ਉਮੀਦਵਾਰ ਨੂੰ ਚੋਣਾਂ ਲੜਨ ਤੋਂ ਕੀਤਾ ਜਾ ਸਕਦੈ ਅਯੋਗ ਕਰਾਰ*
ਜਲੰਧਰ *ਗਲੋਬਲ ਆਜਤੱਕ* (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਵਿਧਾਨ ਸਭਾ ਚੋਣਾਂ-2022 ਲੜਨ ਵਾਲੇ ਜ਼ਿਲ੍ਹੇ ਦੇ ਸਮੂਹ ਉਮੀਦਵਾਰਾਂ ਨੂੰ ਆਪਣੇ ਚੋਣ ਖਰਚੇ ਦਾ ਮੁਕੰਮਲ ‘ਤੇ ਦਰੁੱਸਤ ਲੇਖਾ-ਜੋਖਾ 9 ਅਪ੍ਰੈਲ 2022 ਤੱਕ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਜਮ੍ਹਾ ਕਰਵਾਉਣ ਲਈ ਕਿਹਾ ਕਿਉਂਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਸਬੰਧਤ ਉਮੀਦਵਾਰ ਨੂੰ ਚੋਣਾਂ ਲੜਨ ਤੋਂ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਵਿੱਚ 20 ਫਰਵਰੀ ਨੂੰ ਚੋਣਾਂ ਹੋਈਆਂ ਸਨ ਅਤੇ ਵੋਟਾਂ ਦੀ ਗਿਣਤੀ ਨਿਰਵਿਘਨ ਤੇ ਸ਼ਾਂਤੀਪੂਰਵਕ ਨੇਪਰੇ ਚੜ੍ਹਨ ਉਪਰੰਤ 10 ਮਾਰਚ ਨੂੰ ਨਤੀਜਿਆਂ ਦਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਸਮੇਂ ਚੋਣ ਖਰਚੇ ਦਾ ਲੇਖਾ-ਜੋਖਾ ਰੱਖਣ ਲਈ ਨਿਰਧਾਰਤ ਰਜਿਸਟਰ ਜਾਰੀ ਕਰਨ ਤੋਂ ਇਲਾਵਾ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਲੋੜੀਂਦੀ ਜਾਣਕਾਰੀ, ਟ੍ਰੇਨਿੰਗ ਵੀ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 78 ਅਧੀਨ ਸਾਰੇ ਉਮੀਦਵਾਰ ਉਕਤ ਖਰਚਾ ਰਜਿਸਟਰ ਵਿੱਚ ਆਪੋ-ਆਪਣੇ ਚੋਣ ਖਰਚੇ ਦਾ ਪੂਰਾ ਤੇ ਸਹੀ ਹਿਸਾਬ-ਕਿਤਾਬ ਸਮੇਤ ਲੋੜੀਂਦੇ ਦਸਤਾਵੇਜ਼ ਚੋਣ ਨਤੀਜੇ ਦੇ ਐਲਾਨ ਤੋਂ 30 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਚੋਣ ਅਫ਼ਸਰ ਪਾਸ ਜਮ੍ਹਾ ਕਰਵਾਉਣ ਲਈ ਪਾਬੰਦ ਹਨ।

ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਚੋਣ ਖਰਚੇ ਦਾ ਮੁਕੰਮਲ ਤੇ ਸਹੀ ਲੇਖਾ ਰੱਖਣਾ ਲਾਜ਼ਮੀ ਹੈ ਅਤੇ ਇਸ ਦੀ ਉਲੰਘਣਾਂ ਆਈਪੀਸੀ,1860 ਦੀ ਧਾਰਾ 171-1 ਅਧੀਨ ਸਜ਼ਾਯੋਗ ਹੈ। ਉਨ੍ਹਾਂ ਦੱਸਿਆ ਕਿ ਚੋਣ ਖਰਚੇ ਦਾ ਲੇਖਾ ਰੱਖਣ ਵਿੱਚ ਅਸਫ਼ਲ ਹੋਣ ਜਾਂ ਸਹੀ ਲੇਖਾ ਪੇਸ਼ ਨਾ ਕਰਨ ਜਾਂ ਲੇਖਾ ਸਮੇਂ ਸਿਰ ਜ਼ਿਲ੍ਹਾ ਚੋਣ ਅਫ਼ਸਰ ਪਾਸ ਜਮ੍ਹਾ ਨਾ ਕਰਨ ’ਤੇ ਭਾਰਤ ਚੋਣ ਕਮਿਸ਼ਨ ਵੱਲੋਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਬੰਧਤ ਉਮੀਦਵਾਰ ਨੂੰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 10-ਏ ਅਧੀਨ ਚੋਣਾਂ ਦੇ ਲੜਨ ਦੇ ਮੰਤਵ ਤੋਂ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।

        ਜ਼ਿਕਰਯੋਗ ਹੈ ਕਿ ਚੋਣ ਖਰਚੇ ਦਾ ਮੁਕੰਮਲ ਤੇ ਦਰੁੱਸਤ ਲੇਖਾ-ਜੋਖਾ ਪੇਸ਼ ਨਾ ਕਰਨ ’ਤੇ ਭਾਰਤ ਚੋਣ ਕਮਿਸ਼ਨ ਵੱਲੋਂ ਪਿਛਲੇ ਕਰੀਬ ਸਾਢੇ ਤਿੰਨ ਸਾਲਾਂ ਵਿੱਚ 1035 ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਚੋਣ ਲੜਨ ਵਾਲੇ ਸਮੂਹ ਉਮੀਦਵਾਰਾਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਚੋਣ ਖਰਚੇ ਦਾ ਮੁਕੰਮਲ ਤੇ ਦਰੁੱਸਤ ਲੇਖਾ-ਜੋਖਾ 9 ਅਪ੍ਰੈਲ ਤੱਕ ਨਿਯਮਾਂ ਅਨੁਸਾਰ ਜਮ੍ਹਾ ਕਰਾਉਣ ਲਈ ਕਿਹਾ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਚੋਣ ਕਮਿਸ਼ਨ ਵੱਲੋਂ ਕਰਵਾਏ ਗਏ ਵਰਚੁਅਲ ਟ੍ਰੇਨਿੰਗ ਸੈਸ਼ਨ ਵਿੱਚ ਭਾਗ ਲਿਆ, ਜਿਸ ਦੌਰਾਨ ਡੀਈਓਜ਼ ਸਕਰੂਟਨੀ ਰਿਪੋਰਟ ਤਿਆਰ ਕਰਨ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ।
*ਸਬੰਧਤ ਵਿਧਾਨ ਸਭਾ ਹਲਕੇ ‘ਚ ਵੱਧ ਤੋਂ ਵੱਧ ਖਰਚ ਕਰਨ ਵਾਲੇ ਉਮੀਦਵਾਰਾਂ ਦੀ ਸੂਚੀ*
ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਹੈਨਰੀ ਜੂਨੀਅਰ ਵੱਲੋਂ ਚੋਣਾਂ ‘ਤੇ ਸਭ ਤੋਂ ਵੱਧ 25,11,795 ਰੁਪਏ ਖਰਚ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲੰਧਰ ਕੇਂਦਰੀ ਤੋਂ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਵੱਲੋਂ 19,64,007 ਅਤੇ ਜਲੰਧਰ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਮਹਿੰਦਰ ਭਗਤ ਵੱਲੋਂ 19,26,013 ਰੁਪਏ ਖਰਚ ਕੀਤੇ ਗਏ। ਜਦਕਿ ਹਲਕਾ ਆਦਮਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਵਨ ਟੀਨੂੰ ਵੱਲੋਂ  15,59,449 ਰੁਪਏ, ਜਲੰਧਰ ਛਾਉਣੀ ਤੋਂ ਭਾਜਪਾ ਦੇ ਸਰਬਜੀਤ ਮੱਕੜ ਵੱਲੋਂ 15,10,019, ਸ਼ਾਹਕੋਟ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਵੱਲੋਂ 14,80,027, ਕਰਤਾਰਪੁਰ ਤੋਂ ਕਾਂਗਰਸ ਦੇ ਸੁਰਿੰਦਰ ਸਿੰਘ ਵੱਲੋਂ 14,53,638, ਨਕੋਦਰ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ 13,15,454 ਅਤੇ ਫਿਲੌਰ ਤੋਂ ਕਾਂਗਰਸ ਦੇ ਚੌਧਰੀ ਵਿਕਰਮਜੀਤ ਸਿੰਘ ਵੱਲੋਂ 10,15,849 ਰੁਪਏ ਖਰਚ ਕੀਤੇ ਗਏ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!