
ਡਿਪਟੀ ਕਮਿਸ਼ਨਰ ਵੱਲੋਂ ਉਸਾਰੀ ਕਿਰਤੀਆਂ ਲਈ ‘ਆਨ-ਸਾਈਟ’ ਮੋਬਾਇਲ ਟੀਕਾਕਰਨ ਕੈਂਪ ਲਗਾਉਣ ਦੇ ਹੁਕਮ
ਇਸ ਕਦਮ ਦਾ ਉਦੇਸ਼ 18 ਤੋਂ 44 ਸਾਲ ਉਮਰ ਵਰਗ ਵਿੱਚ ਆਉਣ ਵਾਲੇ ਸਮੂਹ ਯੋਗ ਲਾਭਾਪਾਤਰੀਆਂ ਨੂੰ ਟੀਕਾਕਰਨ ਦੀ ਸੁਵਿਧਾ ਦੇਣਾ
ਨਿਰਮਾਣ ਪ੍ਰਾਜੈਕਟਾਂ ਵਿਚ ਕੰਮ ਕਰ ਰਹੇ ਗੈਰ-ਰਜਿਸਟਰਡ ਵਰਕਰ ਵੀ ਲੈ ਸਕਣਗੇ ਵਿਸ਼ੇਸ਼ ਆਨ-ਸਾਈਟ ਕੈਂਪਾਂ ਦਾ ਲਾਭ
ਜਲੰਧਰ (ਅਮਰਜੀਤ ਸਿੰਘ ਲਵਲਾ)
18-44 ਸਾਲ ਉਮਰ ਵਰਗ ਲਈ ਟੀਕਾਕਰਨ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਨੂੰ ਕਵਰ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਕਿਰਤ ‘ਤੇ ਸਿਹਤ ਅਧਿਕਾਰੀਆਂ ਨੂੰ ਜ਼ਿਲ੍ਹੇ ਭਰ ਵਿੱਚ ਇਸ ਤਰਜੀਹੀ ਵਰਗ ਲਈ ਮੋਬਾਇਲ ਟੀਕਾਕਰਨ ਕੈਂਪ ਲਗਾਉਣ ਲਈ ਨਿਰਦੇਸ਼ ਦਿੱਤੇ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਤਰਜੀਹੀ ਵਰਗ ਲਈ ਟੀਕਾਕਰਨ ਮੁਹਿੰਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ, ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਮੁਹਿੰਮ ਨੂੰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਉਸਾਰੀ ਕਿਰਤੀਆਂ ਲਈ ਸਾਈਟ ‘ਤੇ ਟੀਕਾਕਰਨ ਕੈਂਪ ਲਗਾਉਣ ਦੀ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਗੈਰ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਵੀ ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਅਧੀਨ ਰਜਿਸਟਰ ਕਰਵਾਉਣ ਦੇ ਨਾਲ-ਨਾਲ ਇਨ੍ਹਾਂ ਕੈਂਪਾਂ ਦਾ ਲਾਭ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਵੱਖ-ਵੱਖ ਨਿਰਮਾਣ ਸਥਾਨਾਂ, ਜਿਥੇ ਕਾਮੇ ਕੰਮ ਕਰ ਰਹੇ ਹਨ, ‘ਤੇ ਲਗਾਏ ਜਾਣਗੇ ‘ਤੇ ਉਥੇ ਵਿਸ਼ੇਸ਼ ਟੀਮਾਂ ਵੱਲੋਂ ਉਨ੍ਹਾਂ ਦਾ ਮੌਕੇ ’ਤੇ ਹੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਮੁਹਿੰਮ ਜ਼ਿਲ੍ਹੇ ਵਿਚਲੇ 5000 ਰਜਿਸਟਰਡ ਉਸਾਰੀ ਕਿਰਤੀ ਕੋਵਿਡ ਟੀਕਾਕਰਨ ਲਈ ਯੋਗ ਹੋਣਗੇ, ਅਤੇ ਪ੍ਰਸ਼ਾਸਨ ਵੱਲੋਂ ਇਸ ਤਰਜੀਹੀ ਵਰਗ ਨੂੰ ਟੀਕਾਕਰਨ ਦਾ ਲਾਭ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਡਿਪਟੀ ਕਮਿਸ਼ਨਰ ਥੋਰੀ ਨੇ ਨਿਰਮਾਣ ਕੰਪਨੀਆਂ ਨੂੰ ਅੱਗੇ ਆਉਣ ਅਤੇ ਆਪਣੇ ਸਮੂਹ ਕਾਮਿਆਂ ਦੇ ਕੋਵਿਡ ਟੀਕਾਕਰਨ ਨੂੰ ਯਕੀਨੀ ਬਣਾ ਕੇ ਇਸ ਮੁਹਿੰਮ ਵਿੱਚ ਸਰਗਰਮ ਭੁਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਨਿਰਮਾਣ ਕੰਪਨੀਆਂ ਦੇ ਨਾਲ-ਨਾਲ ਯੋਗ ਲਾਭਪਾਤਰੀਆਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਸਹਾਇਕ ਕਿਰਤ ਕਮਿਸ਼ਨਰ ਦੇ ਮੋਬਾਇਲ ਨੰਬਰ 9417199349 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਕਿਰਤ ਕਮਿਸ਼ਨਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਦੌਰਾਨ 200 ਤੋਂ ਵੱਧ ਉਸਾਰੀ ਕਿਰਤੀਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਜ਼ਿਲ੍ਹੇ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਰਜਿਸਟਰਡ ਲਾਭਪਾਤਰੀਆਂ ਨੂੰ ਅਧਿਕਾਰੀਆਂ ਵੱਲੋਂ ਵੱਖ-ਵੱਖ ਸਾਧਨਾਂ ਰਾਹੀਂ ਟੀਕਾਕਰਨ ਮੁਹਿੰਮ ਬਾਰੇ ਜਾਣੋ ਕਰਵਾਇਆ ਜਾ ਰਿਹਾ ਹੈ। ਜਦਕਿ ਜੇਕਰ ਕੋਈ ਗੈਰ ਰਜਿਸਟਰਡ ਕਾਮਾ ਨਿਰਮਾਣ ਸਥਾਨ ’ਤੇ ਪਾਇਆ ਜਾਂਦਾ ਹੈ, ਤਾਂ ਇਸ ਸਕੀਮ ਤਹਿਤ ਰਜਿਸਟਰੇਸ਼ਨ ਤੋਂ ਇਲਾਵਾ ਮੌਕੇ ’ਤੇ ਹੀ ਉਸ ਦਾ ਟੀਕਾਕਰਨ ਕੀਤਾ ਜਾਵੇਗਾ।



