
ਡਿਪਟੀ ਕਮਿਸ਼ਨਰ ਵੱਲੋਂ ਐਨਐਚਐਸ. ਹਸਪਤਾਲ ਵਿਖੇ ਪੀਐਸਏ ਆਧਾਰਿਤ ਆਕਸੀਜਨ ਪਲਾਂਟ ਦਾ ਉਦਘਾਟਨ
ਬਾਕੀ ਸਿਹਤ ਸੰਭਾਲ ਸੰਸਥਾਵਾਂ ਨੂੰ ਵੀ ਆਪਣੀਆਂ ਇਮਾਰਤਾਂ ਵਿਚ ਅਜਿਹੇ ਪਲਾਂਟ ਲਗਾਉਣ ਦੀ ਕੀਤੀ ਅਪੀਲ
ਹਸਪਤਾਲਾਂ ‘ਤੇ ਉਦਯੋਗਾਂ ਵਿਚ ਆਕਸੀਜਨ ਪਲਾਂਟ ਲੱਗਣ ਨਾਲ ਜ਼ਿਲ੍ਹਾ ਓ 2 ਉਤਪਾਦਨ ਵਿਚ ਆਤਮ ਨਿਰਭਰ ਬਣ ਜਾਵੇਗਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸ਼ੁੱਕਰਵਾਰ ਨੂੰ ਐਨਐਚਐਸ ਹਸਪਤਾਲ, ਕਪੂਰਥਲਾ ਰੋਡ ਵਿਖੇ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ (ਪੀਐਸਏ) ਤਕਨਾਲੋਜੀ ‘ਤੇ ਆਧਾਰਿਤ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਹ ਪਲਾਂਟ 750 ਲੀਟਰ ਪ੍ਰਤੀ ਮਿੰਟ ਦੀ ਦਰ ਨਾਲ ਮੈਡੀਕਲ ਆਕਸੀਜਨ ਪੈਦਾ ਕਰ ਸਕਦਾ ਹੈ।
ਆਕਸੀਜਨ ਪਲਾਂਟ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਓ 2 ਦੀ ਘਾਟ ਨਾਲ ਨਜਿੱਠਣ ਲਈ ਐਨਐਚਐਸ ਹਸਪਤਾਲ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਪ੍ਰਬੰਧਕਾਂ ਨੇ ਪ੍ਰਸ਼ਾਸਨ ਵੱਲੋਂ ਸਮੁੱਚੇ ਵੱਡੇ ਹਸਪਤਾਲਾਂ ਅਤੇ ਉਦਯੋਗਾਂ ਨੂੰ ਪੀਐਸਏ ਆਧਾਰਤ ਪਲਾਂਟ ਲਗਾਉਣ ਦੀ ਅਪੀਲ ਕਰਨ ਤੋਂ ਬਾਅਦ ਇਸ ਪ੍ਰਾਜੈਕਟ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਡਿਪਟੀ ਕਮਿਸ਼ਨਰ ਨੇ ਹੋਰ ਸਿਹਤ ਸੰਭਾਲ ਅਤੇ ਸਨਅਤੀ ਅਦਾਰਿਆਂ ਨੂੰ ਵੀ ਆਪਣੀਆਂ ਇਮਾਰਤਾਂ ਵਿਚ ਅਜਿਹੇ ਪਲਾਂਟ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਆਕਸੀਜਨ ਦੀ ਮੰਗ ਘਟੇਗੀ ਸਗੋਂ ਆਕਸੀਜਨ ਉਤਪਾਦਨ ਵਿੱਚ ਜਲੰਧਰ ਇੱਕ ਸਵੈ-ਨਿਰਭਰ ਜ਼ਿਲ੍ਹਾ ਬਣਨ ਤੋਂ ਇਲਾਵਾ ਵਧ ਮੰਗ ਦੇ ਬੋਝ ਹੇਠ ਦਬੇ ਆਕਸੀਜਨ ਉਤਪਾਦਨ ਪਲਾਂਟਾਂ ਦੇ ਭਾਰ ਨੂੰ ਘੱਟ ਕਰ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਹੋਰ ਅਦਾਰਿਆਂ ਵੱਲੋਂ ਅਜਿਹੇ ਪਲਾਂਟ ਲਗਾਏ ਜਾਂਦੇ ਹਨ, ਤਾਂ ਬਚਾਈ ਗਈ ਆਕਸੀਜਨ ਨੂੰ ਦੂਜੇ ਮਰੀਜ਼ਾਂ, ਜਿਨ੍ਹਾਂ ਨੂੰ ਇਸ ਜੀਵਨ-ਰੱਖਿਅਕ ਗੈਸ ਦੀ ਸਖ਼ਤ ਲੋੜ ਹੈ, ਵੱਲ ਤਬਦੀਲ ਕੀਤਾ ਜਾ ਸਕਦਾ ਹੈ। ਇਸ ਨਾਲ ਵਧੇਰੇ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
ਘਣਸ਼ਾਮ ਥੋਰੀ ਨੇ ਕਿਹਾ ਕਿ ਅਜਿਹੇ ਪਲਾਂਟਾਂ ਦੀ ਸਥਾਪਨਾ ‘ਵਨ ਟਾਈਮ ਇਨਵੈਸਟਮੈਂਟ’ ਹੈ, ਜਿਸਦਾ ਉਦੇਸ਼ ਸੰਸਥਾਵਾਂ ਨੂੰ ਆਕਸੀਜਨ ਉਤਪਾਦਨ ਵਿਚ ਸਵੈ-ਨਿਰਭਰ ਬਣਾਉਣਾ, ਜੋ ਕਿ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਬਾਕੀ ਸੰਸਥਾਵਾਂ ਨੂੰ ਅਜਿਹੇ ਪਲਾਂਟ ਲਗਾਉਣ ਜਾਂ ਆਕਸੀਜਨ ਕੰਨਸਨਟਰੇਟਰ ਖਰੀਦਣ ਦੀ ਅਪੀਲ ਕੀਤੀ, ਤਾਂ ਜੋ ਆਕਸੀਜਨ ਦੀ ਵਧ ਰਹੀ ਮੰਗ ਨਾਲ ਨਜਿੱਠਿਆ ਜਾ ਸਕੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਦੀ ਮੰਗ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ‘ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਸਿਵਲ ਹਸਪਤਾਲ ਵਿਖੇ ਆਕਸੀਜਨ ਪਲਾਂਟ ਲਗਾਉਣ, ਸਿਹਤ ਸੰਸਥਾਵਾਂ ਵਿਚ ਆਕਸੀਜਨ ਕੰਨਸਨਟਰੇਟਰ ਲਗਾਉਣ, ਸਰਕਾਰੀ ਹਸਪਤਾਲ ਵਿੱਚ ਪੋਸਟ ਕੋਵਿਡ ਰਿਕਵਰੀ ਵਾਰਡ ਸਥਾਪਤ ਕਰਨ ਸਮੇਤ ਬਹੁ-ਪੱਖੀ ਰਣਨੀਤੀ ਅਪਣਾਈ ਗਈ ਹੈ। ਇਸ ਤੋਂ ਇਲਾਵਾ ਘਰ ਵਿਚ ਆਕਸੀਜਨ ਸਹਾਇਤਾ ਦੀ ਲੋੜ ਵਾਲੇ ਮਰੀਜ਼ਾਂ ਲਈ ਇਕ ਆਕਸੀਜਨ ਕੰਨਸਨਟਰੇਟਰ ਬੈਂਕ ਵੀ ਸਥਾਪਤ ਕੀਤਾ ਗਿਆ ਹੈ।



