
ਨਾਮਜ਼ਦਗੀ ਪ੍ਰਕਿਰਿਆ ਸਬੰਧੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਕਰਵਾਇਆ ਜਾਣੂ
9 ਵਿਧਾਨ ਸਭਾ ਹਲਕਿਆਂ ਲਈ ਪੋਲਿੰਗ ਸਟਾਫ਼ ਦੀ ਸਿਖਲਾਈ ਐਤਵਾਰ ਨੂੰ, ਕੋਵਿਡ ਟੀਕਾਕਰਨ ਲਈ ਲੱਗਣਗੇ ਵਿਸ਼ੇਸ਼ ਕੈਂਪ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਵਿਧਾਨ ਸਭਾ ਚੋਣਾਂ-2022 ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੇ ਖਾਕੇ ਨੂੰ ਅੰਤਿਮ ਰੂਪ ਦਿੰਦਿਆਂ ਸਾਰੇ ਰਿਟਰਨਿੰਗ ਅਤੇ ਨੋਡਲ ਅਫ਼ਸਰਾਂ ਨੂੰ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਅਮਲੀ ਜਾਮਾ ਪਹਿਨਾਉਣ ਲਈ ਤਿਆਰ-ਬਰ-ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣਾਂ ਨਾਲ ਸਬੰਧਤ ਸਮੂਹ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪ੍ਰਬੰਧਾਂ ਆਦਿ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਰਿਟਰਨਿੰਗ ਅਫ਼ਸਰਾਂ ਨੂੰ ਕਿਹਾ ਕਿ ਐਤਵਾਰ ਨੂੰ ਹੋਣ ਵਾਲੀ ਪੋਲਿੰਗ ਸਟਾਫ਼ ਦੀ ਪਹਿਲੀ ਟ੍ਰੇਨਿੰਗ ਦੌਰਾਨ ਚੋਣ ਅਮਲੇ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਵੋਟਿੰਗ ਆਦਿ ਬਾਰੇ ਮੁਕੰਮਲ ਸਿਖਲਾਈ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਵੋਟਾਂ ਵਾਲੇ ਦਿਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਚੋਣ ਪ੍ਰਬੰਧਨ ਪਲਾਨ ਵੀ ਸਮੇਂ ਸਿਰ ਤਿਆਰ ਕਰਕੇ ਪ੍ਰਿੰਟਿੰਗ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਚੋਣ ਨਿਗਰਾਨਾਂ ਦੇ ਆਉਣ ਵੇਲੇ ਉਨ੍ਹਾਂ ਨੂੰ ਇਹ ਪਲਾਨ ਸੌਂਪਿਆ ਜਾ ਸਕੇ।
ਇਲੈਕਟ੍ਰਾਨਿਕ ਫੋਟੋ ਸ਼ਨਾਖਤੀ ਕਾਰਡਾਂ ਦੀ ਵੰਡ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ 66601 ਐਪਿਕ ਕਾਰਡਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਫਿਲੌਰ ਹਲਕੇ ਵਿੱਚ 7095, ਨਕੋਦਰ ਵਿੱਚ 7582, ਸ਼ਾਹਕੋਟ ਵਿੱਚ 6994, ਕਰਤਾਰਪੁਰ ਵਿੱਚ 9114, ਜਲੰਧਰ ਪੱਛਮੀ ਵਿੱਚ 7041, ਜਲੰਧਰ ਕੇਂਦਰੀ ਵਿੱਚ 6628, ਜਲੰਧਰ ਉੱਤਰੀ ਵਿੱਚ 7330, ਜਲੰਧਰ ਛਾਉਣੀ 8340 ਅਤੇ ਆਦਮਪੁਰ ਹਲਕੇ ਵਿੱਚ 5977 ਕਾਰਡ ਵੰਡੇ ਜਾ ਚੁੱਕੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਚੋਣ ਜ਼ਾਬਤੇ ਦੀ ਉਲੰਘਣਾਂ ਦੇ ਮਾਮਲਿਆਂ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ ਦੇ ਨਾਲ-ਨਾਲ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਨਾਮਜ਼ਦਗੀਆਂ ਵੇਲੇ ਵੀ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਆਰਓਜ਼ ਨੂੰ ਨਾਮਜ਼ਦਗੀ ਪ੍ਰਕਿਰਿਆ ਸਬੰਧੀ ਸਮੁੱਚੀਆਂ ਤਿਆਰੀਆਂ ਅਗਾਊਂ ਮੁਕੰਮਲ ਕਰ ਲੈਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਨਾਮਜ਼ਦਗੀਆਂ ਦੇ ਸਮੇਂ ਦੌਰਾਨ ਆਰਓ ਦੇ ਕਮਰੇ ਵਿੱਚ 360 ਡਿਗਰੀ ਵਿਊ ਵਾਲੇ ਸੀਸੀਟੀਵੀ ਕੈਮਰੇ ਲੱਗੇ ਹੋਣ ਤੋਂ ਇਲਾਵਾ ਨਾਮਜ਼ਦਗੀ ਟੀਮ ਤਾਇਨਾਤ ਕੀਤੀ ਜਾਵੇ ਤਾਂ ਜੋ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਸਿਰੇ ਚਾੜ੍ਹਿਆ ਜਾ ਸਕੇ।
ਇਸ ਦੌਰਾਨ ਉਨ੍ਹਾਂ ਵਿਧਾਨ ਸਭਾ ਹਲਕਾਵਾਰ ਸਵੀਪ ਗਤੀਵਿਧੀਆਂ, ਮਾਡਲ ਪੋਲਿੰਗ ਸਟੇਸ਼ਨਾਂ, ਬੂਥਾਂ ਤੋਂ ਇਲਾਵਾ ਸੀ-ਵਿਜਲ ਪੈਂਡੈਂਸੀ, ਵੋਟਰ ਸਲਿੱਪਾਂ ਵੰਡਣ ਸਬੰਧੀ ਯੋਜਨਾ, ਇਲੈਕ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਤਿਆਰੀ ਆਦਿ ਸਮੇਤ ਗਿਣਤੀ ਕੇਂਦਰਾਂ ਸਬੰਧੀ ਕੀਤੇ ਪ੍ਰਬੰਧਾਂ ਦਾ ਵੀ ਜਾਇਜ਼ਾ ਵੀ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਸਮੂਹ ਰਿਟਰਨਿੰਗ ਅਫ਼ਸਰ ਅਤੇ ਵੱਖ-ਵੱਖ ਨੋਡਲ ਅਫ਼ਸਰ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਮੌਜੂਦ ਸਨ।
*9 ਵਿਧਾਨ ਸਭਾ ਹਲਕਿਆਂ ਲਈ ਪੋਲਿੰਗ ਸਟਾਫ਼ ਦੀ ਟ੍ਰੇਨਿੰਗ* ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਲਈ ਤਾਇਨਾਤ ਪੋਲਿੰਗ ਸਟਾਫ਼ ਦੀ ਟ੍ਰੇਨਿੰਗ 23 ਜਨਵਰੀ (ਐਤਵਾਰ) ਨੂੰ ਵੱਖ-ਵੱਖ ਥਾਵਾਂ ’ਤੇ ਕਰਵਾਈ ਜਾ ਰਹੀ ਹੈ, ਜਿਸ ਸਬੰਧੀ ਰਿਟਰਨਿੰਗ ਅਫ਼ਸਰਾਂ ਵੱਲੋਂ ਲੋੜੀਂਦੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਉਨ੍ਹਾ ਦੱਸਿਆ ਕਿ ਇਨ੍ਹਾਂ ਟ੍ਰੇਨਿੰਗ ਵਾਲੀਆਂ ਥਾਵਾਂ ’ਤੇ ਕੋਰੋਨਾ ਟੀਕਾਕਰਨ ਦੇ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ, ਜਿਥੇ ਪੋਲਿੰਗ ਸਟਾਫ਼ ਨੂੰ ਡਿਊ ਖੁਰਾਕ ਲਗਾਈ ਜਾਵੇਗੀ, ਜਿਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜਲੰਧਰ ਕੇਂਦਰੀ ਹਲਕੇ ਲਈ ਸਿਖਲਾਈ ਸਥਾਨਕ ਦੋਆਬਾ ਕਾਲਜ, ਜਲੰਧਰ ਉੱਤਰੀ ਲਈ ਡੇਵੀਏਟ ਕਾਲਜ ਕਬੀਰ ਨਗਰ, ਜਲੰਧਰ ਛਾਉਣੀ ਲਈ ਏਪੀਜੇ ਕਾਲਜ ਨਿਊ ਜਵਾਹਰ ਨਗਰ, ਜਲੰਧਰ ਪੱਛਮੀ ਲਈ ਐਚਐਮਵੀ ਕਾਲਜ, ਕਰਤਾਰਪੁਰ ਲਈ ਖਾਲਸਾ ਕਾਲਜ ਆਈਐਮਟੀ ਕੈਂਟ ਰੋਡ, ਜਲੰਧਰ, ਵਿਧਾਨ ਸਭਾ ਹਲਕਾ ਆਦਮਪੁਰ ਲਈ ਕੇਐਮਵੀ ਸੰਸਕ੍ਰਿਤੀ ਸਕੂਲ ਨੇੜੇ ਪਠਾਨਕੋਟ ਚੌਕ, ਨਕੋਦਰ ਲਈ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ, ਵਿਧਾਨ ਸਭਾ ਹਲਕਾ ਸ਼ਾਹਕੋਟ ਲਈ ਸਰਕਾਰੀ ਕਾਲਜ ਸ਼ਾਕਕੋਟ ਅਤੇ ਫਿਲੌਰ ਹਲਕੇ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਿਲੌਰ ਵਿਖੇ ਦਿੱਤੀ ਜਾਵੇਗੀ।



