JalandharPunjabSports

ਡਿਪਟੀ ਕਮਿਸ਼ਨਰ ਵੱਲੋਂ ਲੈਦਰ ਕੰਪਲੈਕਸ ਵਿਖੇ ਦੋ ਉਦਯੋਗਿਕ ਇਕਾਈਆਂ ਦਾ ਦੌਰਾ

ਕਿਰਤ ਸ਼ਕਤੀ ਸਬੰਧੀ ਉਦਯੋਗਾਂ ਦੀ ਜ਼ਰੂਰਤ ਬਾਰੇ ਮੰਗਿਆ ਫੀਡਬੈਕ

ਜਲੰਧਰ ਨੂੰ ਮੈਨੂਫੈਕਚਰਿੰਗ ਹਬ ਬਣਾਉਣ ਲਈ ਸਥਾਨਕ ਉਦਯੋਗਪਤੀਆਂ ਦੀ ਕੀਤੀ ਸ਼ਲਾਘਾ
ਜਲੰਧਰ ਵਿੱਚ ‘ਘਰ-ਘਰ ਰੋਜ਼ਗਾਰ ਪ੍ਰੋਗਰਾਮ’ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਮੰਗਿਆ ਸਹਿਯੋਗ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਰਤ ਸ਼ਕਤੀ ਸਬੰਧੀ ਜ਼ਰੂਰਤਾਂ ਬਾਰੇ ਉਦਯੋਗ ਤੋਂ ਫੀਡਬੈਕ ਪ੍ਰਾਪਤ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸ਼ੁੱਕਰਵਾਰ ਨੂੰ ਸ਼ਹਿਰ ਦੀਆਂ ਦੋ ਉਦਯੋਗਿਕ ਇਕਾਈਆਂ ਦਾ ਦੌਰਾ ਕੀਤਾ ਗਿਆ ਅਤੇ ‘ਘਰ-ਘਰ ਰੋਜ਼ਗਾਰ’ ਪ੍ਰੋਗਰਾਮ ਨੂੰ ਜ਼ਿਲ੍ਹੇ ਵਿੱਚ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਇੰਡਸਟਰੀ ਮਾਲਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਡਿਪਟੀ ਕਮਿਸ਼ਨਰ ਵੱਲੋਂ ਅਲਫ਼ਾ ਹਾਕੀ ਅਤੇ ਕੇਸੀਐਸਏਡੀ (ਐਲਈਡੀ ਲਾਈਟ ਨਿਰਮਾਤਾ) ਦੇ ਮਾਲਕਾਂ ਨਾਲ ਮੁਲਾਕਾਤ ਕੀਤੀ ਗਈ ‘ਤੇ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਸਰਗਰਮ ਭਾਗੀਦਾਰੀ ਨਿਭਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਉਦਯੋਗਪਤੀਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਹੁਨਰਮੰਦ ਅਤੇ ਸਿੱਖਿਅਤ ਕਿਰਤ ਸ਼ਕਤੀ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਸੁਝਾਅ ਵੀ ਮੰਗੇ।

ਘਨਸ਼ਿਆਮ ਥੋਰੀ ਨੇ ਸਨਅਤਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਜਿਸ ਤਰ੍ਹਾਂ ਦੇ ਹੁਨਰਮੰਦ ਕਾਮਿਆਂ ਦੀ ਲੋੜ ਹੈ, ਉਸ ਸਬੰਧੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਪ੍ਰਸ਼ਾਸਨ ਉਸ ਅਨੁਸਾਰ ਕੰਮ ਕਰ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਉਦਯੋਗਪਤੀਆਂ ਦੇ ਸਮੂਹਿਕ ਯਤਨਾਂ ਨਾਲ ਬੇਰੋਜ਼ਗਾਰ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਸਿਰਜ ਕੇ ਸੂਬੇ ਵਿੱਚੋਂ ਬੇਰੋਜ਼ਗਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਦਯੋਗਾਂ ਦਾ ਫੀਡਬੈਕ ਵਪਾਰਕ ਅਦਾਰਿਆਂ ਨੂੰ ਮਿਆਰੀ ਕਿਰਤ ਸ਼ਕਤੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਮਾਮਲੇ ਵਿੱਚ ਅਹਿਮ ਹੈ ਅਤੇ ਪ੍ਰਸ਼ਾਸਨ ਵੱਲੋਂ ਆਪਣੇ ਹੁਨਰ ਸਿਖਲਾਈ ਪ੍ਰੋਗਰਾਮ ਨੂੰ ਪਹਿਲਾਂ ਹੀ ਸਥਾਨਕ ਉਦਯੋਗ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਗਿਆ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਉਦਯੋਗਾਂ ਵਿੱਚ ਨਿਰਮਾਣ ਇਕਾਈਆਂ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਇੰਡਸਟਰੀ ਮਾਲਕਾਂ ਵੱਲੋਂ ਉਨ੍ਹਾਂ ਨੂੰ ਉਤਪਾਦਨ ਦੇ ਕਈ ਪੜਾਵਾਂ ਬਾਰੇ ਜਾਣੂੰ ਕਰਵਾਇਆ ਗਿਆ। ਪੂਜਾ ਇੰਟਰਪ੍ਰਾਈਜ਼ (ਅਲਫ਼ਾ ਹਾਕੀ) ਦੇ ਮਾਲਕ ਜਿਤਿਨ ਮਹਾਜਨ ਅਤੇ ਸੁਖਦੇਵ ਰਾਜ ਮਹਾਜਨ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆਂ ਹਾਕੀ ਸਟਿੱਕਸ, ਜੋ ਓਲੰਪਿਕ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਲਈ ਤਿਆਰ ਕੀਤੀਆਂ ਗਈਆਂ ਸਨ, ਸਮੇਤ ਲੱਕੜੀ ਅਤੇ ਸਮੁੱਚੇ ਹਾਕੀ ਉਤਪਾਦਨ ਬਾਰੇ ਜਾਣਕਾਰੀ ਦਿੱਤੀ।
ਕੇਸੀਐਸਏਡੀ ਲੈਡ ਲਾਈਟਸ ਵਿਖੇ ਡਿਪਟੀ ਕਮਿਸ਼ਨਰ ਇੱਕ ਪੂਰੀ ਤਰ੍ਹਾਂ ਸਵੈਚਲਤ ਨਿਰਮਾਣ ਯੂਨਿਟ ਤੋਂ ਕਾਫੀ ਪ੍ਰਭਾਵਿਤ ਹੋਏ, ਜਿੱਥੇ ਕੰਪਨੀ ਦੇ ਐਮਡੀ ਰਾਜੀਵ ਗੁਪਤਾ, ਡਾਇਰੈਕਟਰ ਅਨਿਲ ਕਪੂਰ, ਅੰਕੁਸ਼ ਗੁਪਤਾ ਅਤੇ ਸੰਚਿਤ ਗੁਪਤਾ ਨੇ ਇਸ ਯੂਨਿਟ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਉਦਯੋਗ ਦੇ ਵੱਖ -ਵੱਖ ਹਿੱਸਿਆਂ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਜਲੰਧਰ ਵਿੱਚ ਇਸ ਆਟੋਮੈਟਿਕ ਯੂਨਿਟ ਦੀ ਸਥਾਪਨਾ ਲਈ ਇਕਾਈ ਮਾਲਕਾਂ ਦੀ ਸ਼ਲਾਘਾ ਕੀਤੀ।
ਘਨਸ਼ਿਆਮ ਥੋਰੀ ਨੇ ਵੱਖ -ਵੱਖ ਵਸਤੂਆਂ ਦੇ ਉਤਪਾਦਨ ਵਿੱਚ ਜ਼ਿਲ੍ਹੇ ਨੂੰ ਦੇਸ਼ ਵਿੱਚ ਮੈਨੂਫੈਕਚਰਿੰਗ ਹਬ ਬਣਾਉਣ ਲਈ ਉਦਯੋਗਪਤੀਆਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਸਦਕਾ ਜਲੰਧਰ ਨੂੰ ਖੇਡਾਂ ਦੇ ਸਮਾਨ, ਚਮੜੇ ਦੇ ਸਮਾਨ, ਹੈਂਡ ਟੂਲਜ਼, ਪਾਈਪ ਫਿਟਿੰਗ ਆਦਿ ਲਈ ਜਾਣਿਆ ਜਾਂਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!