
*ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੁਰੱਖਿਆ ਪ੍ਰਬੰਧਾਂ ’ਤੇ ਪ੍ਰਗਟਾਈ ਤਸੱਲੀ*
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਅੱਜ ਸਟਰਾਂਗ ਰੂਮਜ਼ ਦੌਰਾ ਕਰਦਿਆਂ ਮੌਕੇ ’ਤੇ ਮੌਜੂਦ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਥੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੇ ਵੋਟਰ ਵੈਰੀਫਿਏਬਲ ਪੇਪਰ ਆਡਿਟ ਟਰੇਲ ਮਸ਼ੀਨਾਂ ਦੀ ਸੁਰੱਖਿਆ ਲਈ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ।
ਸੁਰੱਖਿਆ ਪ੍ਰਬੰਧਾਂ ਤੋਂ ਜਾਣੂ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 20 ਫਰਵਰੀ ਨੂੰ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਈਵੀਐਮਜ਼ ਤੇ ਵੀਵੀਪੈਟਸ ਨੂੰ ਦਫ਼ਤਰ ਡਾਇਰੈਕਟਰ ਲੈਂਡਰ ਰਿਕਾਰਡਜ਼, ਸਰਕਾਰੀ ਆਰਟ ਐਂਡ ਸਪੋਰਟਸ ਕਾਲਜ, ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਸਟਰਾਂਗ ਰੂਮਜ਼ ਵਿਖੇ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ ਅਤੇ ਸਟਰਾਂਗ ਰੂਮਜ਼ ਦੀ ਸੀਲਬੰਦੀ ਨੂੰ ਯਕੀਨੀ ਬਣਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਟਰਾਂਗ ਰੂਮਜ਼ ਦੀ ਬਹੁ-ਪੱਧਰੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਪੰਜਾਬ ਪੁਲਿਸ ਅਤੇ ਪੰਜਾਬ ਆਰਮਡ ਪੁਲਿਸ ਜਿਥੇ ਬਾਹਰੀ ਸੁਰੱਖਿਆ ਘੇਰੇ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ ਉਥੇ ਸੀਏਪੀਐੱਫ ਵੱਲੋਂ ਅੰਦਰੂਨੀ ਸੁਰੱਖਿਆ ਕਵਰ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੋਟਿੰਗ ਮਸ਼ੀਨਾਂ ਦੀ ਈ-ਨਿਗਰਾਨੀ ਲਈ ਸਟਰਾਂਗ ਰੂਮਜ਼ ਵਾਲੀ ਥਾਂ ’ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ, ਜਿਨ੍ਹਾਂ ਲਈ ਨਿਰਵਿਘਨ ਬਿਜਲੀ ਸਪਲਾਈ ਅਤੇ ਰਿਕਾਰਡਿੰਗ ਬੈਕਅਪ ਯਕੀਨੀ ਬਣਾਇਆ ਗਿਆ ਹੈ।
ਸਿਆਸੀ ਪਾਰਟੀ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਲਈ ਕੀਤੇ ਗਏ ਪੁਖ਼ਤਾ ਬੰਦੋਬਸਤ ’ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਲਈ ਵਾਟਰ ਪਰੂਫ਼ ਟੈਂਟ, ਵੋਟਿੰਗ ਮਸ਼ੀਨਾਂ ਦੀ ਨਿਗਰਾਨੀ ਲਈ ਐਲਈਡੀ ਸਕਰੀਨਾਂ, ਸਟਰਾਂਗ ਰੂਮਜ਼ ਵਿਖੇ ਸੁਰੱਖਿਆ ਇੰਤਜ਼ਾਮ ਚੈਕ ਕਰਨ ਸਮੇਤ ਕੀਤੇ ਹੋਰ ਪ੍ਰਬੰਧਾਂ ’ਤੇ ਵੀ ਸਤੁੰਸ਼ਟੀ ਜ਼ਾਹਰ ਕੀਤੀ।
ਜ਼ਿਕਰਯੋਗ ਹੈ ਕਿ ਈਵੀਐਮਜ਼ ਤੇ ਵੀਵੀਪੈਟ ਮਸ਼ੀਨਾਂ 10 ਮਾਰਚ ਗਿਣਤੀ ਵਾਲੇ ਦਿਨ ਤੱਕ ਸਟਰਾਂਗ ਰੂਮਜ਼ ਹੀ ਰਹਿਣਗੀਆਂ, ਜੋ ਕਿ ਗਿਣਤੀ ਵਾਲੇ ਦਿਨ ਉਮੀਦਵਾਰਾਂ ਤੇ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ ਖੋਲ੍ਹੇ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਸਮੂਹ ਰਿਟਰਨਿੰਗ ਅਫ਼ਸਰ, ਚੋਣ ਤਹਿਸੀਲਦਾਰ ਸੁਖਦੇਵ ਸਿੰਘ ਆਦਿ ਮੌਜੂਦ ਸਨ।



