JalandharPunjab

ਡਿਪਟੀ ਕਮਿਸ਼ਨਰ ਵੱਲੋਂ 71ਵੇਂ ਰਾਜ ਪੱਧਰੀ ਵਣ ਮਹਾਉਤਸਵ ਮੌਕੇ ਜ਼ਿਲ੍ਹੇ ਭਰ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲਾਏ ਬੂਟੇ

ਜ਼ਿਲ੍ਹੇ ਭਰ 30 ਥਾਵਾਂ 'ਤੇ ਲਗਾਏ ਗਏ 16 ਹਜ਼ਾਰ ਤੋਂ ਵੱਧ ਬੂਟੇ

ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ‘ਤੇਸ ਉਨ੍ਹਾਂ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਲੰਧਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ 71ਵੇਂ ਰਾਜ ਪੱਧਰੀ ਵਣ ਮਹਾਉਤਸਵ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿਖੇ ਬੂਟਾ ਲਗਾ ਕੇ ਜ਼ਿਲ੍ਹੇ ਭਰ ਵਿੱਚ ਬੂਟੇ ਲਗਾਉਣ ਦੀ ਮੈਗਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਜ਼ਿਲ੍ਹੇ ਦੀਆਂ 30 ਵੱਖ-ਵੱਖ ਥਾਵਾਂ ‘ਤੇ 16140 ਬੂਟੇ ਲਗਾਏ ਗਏ।

 

 

ਜ਼ਿਕਰਯੋਗ ਹੈ ਕਿ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਸਿਸਵਾਂ ਡੈਮ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਬੂਟੇ ਲਗਾਉਣ ਦੀ ਇਸ ਮੈਗਾ ਮੁਹਿੰਮ ਦੀ ਸ਼ੁਰੂਆਤ ਦੇ ਨਾਲ ਜ਼ਿਲ੍ਹਿਆਂ ਵਿੱਚ ਵੀ ਇਹ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਡਿਪਟੀ ਕਮਿਸ਼ਨਰ ਥੋਰੀ ਵੱਲੋਂ ਜ਼ਿਲ੍ਹੇ ਵਿੱਚ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਜੀਤ ਬੈਂਸ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਬੂਟੇ ਲਗਾਉਣ ਲਈ ਪਿੰਡ ਮੁਠੱਡਾ ਕਲਾਂ, ਫਿਲੌਰ ਸ਼ਹਿਰ, ਗੁਰਾਇਆ, ਪੰਜਾਬ ਪੁਲਿਸ ਅਕੈਡਮੀ, ਫਿਲੌਰ, ਸਿਵਲ ਹਸਪਤਾਲ ਫਿਲੌਰ, ਡੀਏਵੀ ਪਬਲਿਕ ਸਕੂਲ ਫਿਲੌਰ, ਪੁਲਿਸ ਸਟੇਸ਼ਨ ਨੂਰਮਹਿਲ, ਨੂਰਮਹਿਲ ਸਿਟੀ, ਕੇਵੀ -2, ਕੇਵੀ -3, ਪਿੰਡ ਜੋਧੇ, ਈਦਗਾਹ, ਅਰਬਨ ਅਸਟੇਟ ਫੇਜ਼-1 ਅਤੇ ਧੀਨਾ, ਸੀਆਰਪੀਐਫ ਕੈਂਪਸ, ਮਿਲਟਰੀ ਏਰੀਆ ਜਲੰਧਰ ਕੈਂਟ, ਜਲੰਧਰ ਸਿਟੀ, 91 ਸਬ ਏਰੀਆ, ਆਈਟੀਬੀਪੀ, ਸਕੂਲ ਅਤੇ ਪਾਰਕ, ਪੀਏਪੀ ਗਰਾਊਂਡ, ਡੀਏਵੀ ਕਾਲਜ ਜਲੰਧਰ ਦੇ ਸਾਹਮਣੇ, ਐਨਆਈਟੀ ਕੈਂਪਸ, ਆਦਮਪੁਰ, ਜਲੰਧਰ ਸ਼ਹਿਰ, ਭੋਗਪੁਰ, ਜਲੰਧਰ, ਸਿੰਝ ਗਰਾਊਂਡ ਅਤੇ ਬੀਰ ਪਿੰਡ ਸਿੱਧਵਾਂ ਸਟੇਸ਼ਨ ਸਮੇਤ 30 ਸਥਾਨਾਂ ਦੀ ਚੋਣ ਕੀਤੀ ਗਈ ਸੀ, ਜਿਥੇ ਅੱਜ 16 ਹਜ਼ਾਰ ਤੋਂ ਵੱਧ ਬੂਟੇ ਲਗਾਏ ਗਏ ਹਨ।
ਥੋਰੀ ਨੇ ਇਸ ਮੌਕੇ ਵਾਤਾਵਰਣ ਦੀ ਸ਼ੁੱਧਤਾ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾ ਕਿਹਾ ਕਿ ਤੰਦੁਰਸਤ ਜੀਵਨ ਲਈ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਣਾ ਸਾਡਾ ਸਭ ਦਾ ਫਰਜ਼ ਬਣਦਾ ਹੈ, ਜਿਸ ਲਈ ਸਾਨੂੰ ਵੱਧ ਤੋਂ ਵੱਧ ਦਰੱਖ਼ਤ ਲਗਾ ਕੇ ਹਰਿਆਵਲ ਨੂੰ ਵਧਾਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਇਸ ਵਿਸ਼ਾਲ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਗੈਰ ਸਰਕਾਰੀ ਸੰਗਠਨਾਂ ਅਤੇ ਸਰਕਾਰੀ ਅਦਾਰਿਆਂ, ਜਿਨ੍ਹਾਂ ਦੇ ਸਬੰਧਤ ਪਰਿਸਰਾਂ ਵਿੱਚ ਬੂਟੇ ਲਗਾਏ ਗਏ ਹਨ, ਦਾ ਧੰਨਵਾਦ ਕਰਦਿਆਂ ਆਮ ਲੋਕਾਂ, ਪੰਚਾਇਤਾਂ, ਯੂਥ ਕਲੱਬਾਂ, ਸਕੂਲਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੀ ਵੀ ਇਸ ਨੇਕ ਉਪਰਾਲੇ ਵਿੱਚ ਯੋਗਦਾਨ ਪਾਉਣ ਲਈ ਸ਼ਲਾਘਾ ਕੀਤੀ ।
ਇਸ ਮੌਕੇ ਡੀਐਫਓ ਵਿਕਰਮ ਕੁੰਦਰਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜਿਥੇ ਦੇਸੀ ਪ੍ਰਜਾਤੀਆਂ ਜਿਵੇਂ ਸੀਸ਼ਮ, ਅਰਜੁਨ, ਡਰੇਕ, ਨਿੰਮ, ਕਦਮ ਦੇ ਰੁੱਖ, ਸਜਾਵਟੀ ਪ੍ਰਜਾਤੀਆਂ, ਫੁੱਲਾਂ ਵਾਲੇ ਬੂਟਿਆਂ ਸਮੇਤ ਹੋਰ ਬੂਟੇ ਲਗਾਏ ਗਏ ਹਨ ਉਥੇ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਇਸ ਮੁਹਿੰਮ ਦਾ ਸਰਗਰਮ ਭਾਗੀਦਾਰ ਬਣਾਉਣ ਦੇ ਉਦੇਸ਼ ਨਾਲ ਬੱਚਿਆਂ ਨੂੰ ਇੱਕ-ਇੱਕ ਰੁੱਖ ਅਪਣਾਉਣ ਅਤੇ ਉਨ੍ਹਾਂ ਦੇ ਉਚਿਤ ਵਾਧੇ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਵਿੱਚ ਕੁੱਲ 4,89,500 ਬੂਟੇ ਲਗਾਏ ਗਏ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!