
ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਹੁਨਰ ਵਿਕਾਸ ਸਿਖਲਾਈ ਦੇਣ ਦੀ ਵਕਾਲਤ
*ਵੱਖ-ਵੱਖ ਉਦਯੋਗਾਂ ਬਾਰੇ ਨਵੀਨਤਮ ਤਕਨੀਕੀ ਗਿਆਨ ਪ੍ਰਾਪਤ ਕਰਨ ਲਈ ਚਾਹਵਾਨਾਂ ਨੂੰ ਸੈਂਟਰ ਇੰਸਟੀਚਿਊਟ ਆਫ਼ ਹੈਂਡ ਟੂਲ ‘ਚ ਦਾਖ਼ਲਾ ਲੈਣ ਦਾ ਸੱਦਾ*
ਜਲੰਧਰ *ਗਲੋਬਲ ਆਜਤੱਕ*
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਹੁਨਰ ਵਿਕਾਸ ਸਿਖਲਾਈ ਦੇਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਜਲੰਧਰ ਚੋਂ ਬੇਰੋਜ਼ਗਾਰੀ ਨੂੰ ਖ਼ਤਮ ਕਰਨ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ।
ਡਿਪਟੀ ਕਮਿਸ਼ਨਰ ਨੇ ਅੱਜ ਸੈਂਟਰ ਇੰਸਟੀਚਿਊਟ ਆਫ਼ ਹੈਂਡ ਟੂਲਜ਼ ਜਲੰਧਰ ਦੇ ਦੌਰੇ ਦੌਰਾਨ ਕਿਹਾ ਕਿ ਇਸ ਸੈਂਟਰ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਨਵੀਨਤਮ ਸਿਖਲਾਈ ਦੇ ਕੇ ਹੁਨਰ ਵਿਕਾਸ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਇਲੈਕਟ੍ਰੀਕਲ, ਮਕੈਨੀਕਲ, ਕੰਪਿਊਟਰ ਇੰਜਨੀਅਰਿੰਗ, ਸੀਐਨਸੀ, ਸੀਐਮਐਮ, ਹੈਂਡ ਟੂਲਜ਼ ਦਾ ਨਿਰਮਾਣ, ਆਟੋ-ਪਾਰਟਸ ਵਰਗੇ ਵੱਖ-ਵੱਖ ਟਰੇਡਾਂ ਸਮੇਤ ਇੰਜੀਨੀਅਰਿੰਗ ਆਧਾਰਿਤ ਕਈ ਕੋਰਸ ਉਪਲਬਧ ਹਨ। ਸੀਆਈਐਚਟੀ ਦੇ ਪ੍ਰਿੰਸੀਪਲ ਡਾ. ਸਰਬਜੀਤ ਸਿੰਘ, ਡਿਪਟੀ ਡਾਇਰੈਕਟਰ ਟ੍ਰੇਨਿੰਗ, ਪੀਕੇ. ਵਰਮਾ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆਂ ਦੱਸਿਆ ਕਿ ਇੱਥੇ ਵਿਦਿਆਰਥੀਆਂ ਨੂੰ 26 ਵੱਖ-ਵੱਖ ਕੋਰਸ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਉਦਯੋਗਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਆਧੁਨਿਕ ਮਸ਼ੀਨਾਂ ਦੀ ਸਿਖਲਾਈ ਪ੍ਰਦਾਨ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਕੇਂਦਰ ਵੱਲੋਂ ਨਾ ਸਿਰਫ਼ ਮਿਆਰੀ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ ਸਗੋਂ ਆਪਣੇ ਪਾਸ ਹੋ ਚੁੱਕੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਮੌਕੇ ਵੀ ਯਕੀਨੀ ਬਣਾਏ ਜਾ ਰਹੇ ਹਨ। ਪਿਛਲੇ ਸਾਲ ਇਸ ਕੇਂਦਰ ਤੋਂ 25,000 ਤੋਂ ਵੱਧ ਵਿਦਿਆਰਥੀ ਪਾਸ ਹੋਏ ਸਨ ਅਤੇ 600 ਵਿਦਿਆਰਥੀ ਇਸ ਵੇਲੇ ਇੱਥੇ ਸਿਖਲਾਈ ਲੈ ਰਹੇ ਹਨ।
ਇੱਥੇ ਬੁਨਿਆਦੀ ਢਾਂਚੇ ਦੀ ਉਪਲਬਧਤਾ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਇੱਥੇ ਵੱਖ-ਵੱਖ ਟੂਲ ਰੂਮ, ਫੋਰਜ ਸ਼ਾਪ, ਹੀਟ ਟ੍ਰੀਟਮੈਂਟ ਸ਼ਾਪ, ਸੀਐਨਸੀ ਵਰਕਸ਼ਾਪ, ਟੈਸਟਿੰਗ ਲੈਬਜ਼ ਤੋਂ ਇਲਾਵਾ ਸੀਐਨਸੀ ਟਰਨਿੰਗ, ਮਿਲਿੰਗ ਲੈਬ, ਕੈਡ-ਕੈਮ, ਲੈਬਸ ਮੈਕਾਟ੍ਰਾਨਿਕ ਲੈਬ, ਕੰਪਿਊਟਰ ਲੈਬ ਵਰਗੀਆਂ ਅਤਿ-ਆਧੁਨਿਕ ਸਿਖਲਾਈ ਸਹੂਲਤਾਂ ਵੀ ਸਥਾਪਤ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਵਿਕਟਰ ਟੂਲਸ ਤੋਂ ਅਸ਼ਵਨੀ ਕੁਮਾਰ ਦੇ ਨਾਲ ਸੀਆਈਐਚਟੀ ਵੱਲੋਂ ਇੱਥੇ ਦਿੱਤੀਆਂ ਜਾ ਰਹੀਆਂ ਉੱਚ ਪੱਧਰੀ ਸਹੂਲਤਾਂ ਜਿਵੇਂ ਕਿ ਸੀਐਮਐਮ, ਸੀਐਨਸੀ ਵਾਇਰ ਕੱਟ ਮਸ਼ੀਨ, ਸੀਐਨਸੀ ਟ੍ਰੇਨਿੰਗ ਸਿਮੂਲੇਟਰ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਵਿਦਿਆਰਥੀਆਂ ਦੀ ਪ੍ਰੈਕਟੀਕਲ ਸਿਖਲਾਈ ਲਈ ਕਾਫ਼ੀ ਲਾਭਦਾਇਕ ਦੱਸਿਆ। ਡਿਪਟੀ ਕਮਿਸ਼ਨਰ ਨੇ ਪ੍ਰਬੰਧਕਾਂ ਨੂੰ ਆਪਣੇ ਕੋਰਸ ਉਦਯੋਗਾਂ ਦੀ ਕਿਰਤ ਸ਼ਕਤੀ ਦੀ ਲੋੜ ਅਨੁਸਾਰ ਤਿਆਰ ਕਰਨ ਲਈ ਕਿਹਾ ਤਾਂ ਜੋ ਰੋਜ਼ਗਾਰਦਾਤਾਵਾਂ ਅਤੇ ਨੌਜਵਾਨਾਂ ਵਿਚਕਾਰ ਪਾੜੇ ਨੂੰ ਪੂਰਾ ਕੀਤਾ ਜਾ ਸਕੇ। ਘਨਸ਼ਿਆਮ ਥੋਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਭਾਗੀਦਾਰਾਂ ਵੱਲੋਂ ਤਾਲਮੇਲ ਨਾਲ ਕੀਤੇ ਯਤਨਾਂ ਨਾਲ ਇਹ ਕੇਂਦਰ ਨੌਜਵਾਨਾਂ ਨੂੰ ਉਦਯੋਗਿਕ ਸਿਖਲਾਈ ਪ੍ਰਦਾਨ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਸਕਦਾ ਹੈ, ਜਿਸ ਨਾਲ ਰੋਜ਼ਗਾਰ ਸਿਰਜਣ ਵਿੱਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ।
ਇਸ ਮੌਕੇ ਸਹਾਇਕ ਡਾਇਰੈਕਟਰ ਵਰਕਸ਼ਾਪ ਟ੍ਰੇਨਿੰਗ ਐਮਆਰ
ਸਲਾਨ, ਇੰਚਾਰਜ ਫੋਰਜ ਸ਼ਾਪ ਐਮਕੇ ਦੀਕਸ਼ਿਤ ਨੇ ਇਸ ਕੇਂਦਰ ਵਿੱਚ ਵੱਖ-ਵੱਖ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।



