JalandharPunjab

ਡੀਜੀਪੀ ਪੰਜਾਬ ਨੇ ਕੋਵਿਡ-19 ਕਰਕੇ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸ਼ਰਧਾਂਜਲੀ ਕੀਤੀ ਭੇਟ

ਪੀੜਤ ਪਰਿਵਾਰਾਂ ਨੂੰ 3 ਲੱਖ ਰੁਪਏ ਦੀ ਦਿੱਤੀ ਵਿੱਤੀ ਸਹਾਇਤਾ

*ਡੀਜੀਪੀ ਵੀਕੇ. ਭਾਵਰਾ ਨੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਕੁਰਬਾਨੀ ਨੂੰ ਮਾਨਤਾ ਦੇਣ ਲਈ ਮੈਨਕਾਇਨਡ ਫਾਰਮਾ ਦਾ ਕੀਤਾ ਧੰਨਵਾਦ*
*ਕੋਵਿਡ-19 ਮਹਾਂਮਾਰੀ ਕਰਕੇ ਪੰਜਾਬ ਪੁਲਿਸ ਫੋਰਸ ਦੇ 94 ਜਵਾਨਾਂ ਦੀ ਗਈ ਜਾਨ*
ਚੰਡੀਗੜ੍ਹ/ਫਿਲੌਰ/ਜਲੰਧਰ *ਗਲੋਬਲ ਆਜਤੱਕ*
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀਕੇ. ਭਾਵਰਾ ਨੇ ਅੱਜ ਸਤਿਕਾਰ ‘ਤੇ ਸ਼ੁਕਰਾਨੇ ਵਜੋਂ ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਪੰਜਾਬ ਦੇ ਨਾਗਰਿਕਾਂ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।

ਅੱਜ ਇੱਥੇ ਫਿਲੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ (ਪੀਪੀਏ) ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਡੀਜੀਪੀ ਨੇ ਪੰਜਾਬ ਪੁਲਿਸ ਦੇ ਕੋਵਿਡ-19 ਸ਼ਹੀਦਾਂ ਦੇ ਹਰੇਕ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ 3-3 ਲੱਖ ਰੁਪਏ ਦੇ ਚੈੱਕ ਸੌਂਪ ਕੇ ਸਨਮਾਨਿਤ ਵੀ ਕੀਤਾ।

ਇਹ ਸਮਾਗਮ ਪੰਜਾਬ ਪੁਲਿਸ ਦੇ ਵੈਲਫੇਅਰ ਵਿੰਗ ਵੱਲੋਂ ਮੈਨਕਾਈਂਡ ਫਾਰਮਾ ਦੇ ਸਹਿਯੋਗ ਨਾਲ ਮਹਾਂਮਾਰੀ ਦੌਰਾਨ ਸ਼ਹੀਦ ਹੋਏ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ। ਇਸ ਮੌਕੇ ਏਡੀਜੀਪੀ ਭਲਾਈ ਅਰਪਿਤ ਸ਼ੁਕਲਾ, ਏਡੀਜੀਪੀ ਸ਼ਿਕਾਇਤਾਂ ਐਮਐਫ. ਫਾਰੂਕੀ, ਡਾਇਰੈਕਟਰ ਪੀਪੀਏ ਫਿਲੌਰ ਏਡੀਜੀਪੀ ਅਨੀਤਾ ਪੁੰਜ, ਮੈਨਕਾਇਨਡ ਫਾਰਮਾ ਦੇ ਡਿਵੀਜ਼ਨਲ ਸੇਲਜ਼ ਮੈਨੇਜਰ ਸੁਸ਼ੀਲ ਕੁਮਾਰ ਬਾਨਾ ਅਤੇ ਅਨਿਲ ਖੰਡੂਰੀ ਹਾਜ਼ਰ ਸਨ।
ਡੀਜੀਪੀ ਵੀਕੇ. ਭਾਵਰਾ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਅਦੁੱਤੀ ਅਤੇ ਨਾ ਭੁੱਲਣਯੋਗ ਕਰਾਰ ਦਿੰਦਿਆਂ ਕਿਹਾ ਕਿ ਕੋਵਿਡ-19 ਮਹਾਂਮਾਰੀ ਕਰਕੇ ਪੰਜਾਬ ਪੁਲਿਸ ਫੋਰਸ ਦੇ ਕਰੀਬ 94 ਜਵਾਨਾਂ ਦੀ ਜਾਨ ਗਈ ਸੀ, ਜਿਨ੍ਹਾਂ ਵਿੱਚ ਦੋ ਗਜ਼ਟਿਡ ਅਧਿਕਾਰੀ ਅਤੇ 18 ਹੋਮ ਗਾਰਡ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਪੈਸੇ ਨਾਲ ਇਸ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ, ਇਹ ਸਰਕਾਰ ਵੱਲੋਂ ਸ਼ਹੀਦਾਂ ਨੂੰ ਮਾਨਤਾ ਦੇਣ ਦੇ ਨਾਲ ਨਾਲ ਪੀੜਤ ਪਰਿਵਾਰਾਂ ਦੀ ਥੋੜ੍ਹੀ ਜਿਹੀ ਮਦਦ ਦੇਣ ਦਾ ਨਿਮਾਣਾ ਜਿਹਾ ਯਤਨ ਹੈ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ।
ਡੀਜੀਪੀ ਨੇ ਮੈਨਕਾਈਂਡ ਫਾਰਮਾ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਕੁਰਬਾਨੀ ਨੂੰ ਮਾਨਤਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਮੈਨਕਾਈਂਡ ਫਾਰਮਾ ਵੱਲੋਂ ਵਿੱਤੀ ਸਹਾਇਤਾ ਦੀ ਪੇਸ਼ਕਸ਼ ਉਨ੍ਹਾਂ ਦੀ ਪਹਿਲਕਦਮੀ “ਨਮਨ” ਦੇ  ਹਿੱਸੇ ਵਜੋਂ ਕੀਤੀ, ਜਿਸ ਦਾ ਮੰਤਵ ਕੋਵਿਡ-19 ਫਰੰਟਲਾਈਨ ਯੋਧਿਆਂ ਦੀ ਕੁਰਬਾਨੀ ਨੂੰ ਸਿਜਦਾ ਹੈ, ਜਿਨ੍ਹਾਂ ਨੇ ਡਿਊਟੀ ਤੋਂ ਪਰੇ  ਜਾ ਕੇ ਦੂਜਿਆਂ ਦੀ ਮਦਦ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਪ੍ਰਮੁੱਖ ਭਾਰਤੀ ਫਾਰਮਾ ਕੰਪਨੀ ਮੈਨਕਾਈਂਡ ਵਰਤਮਾਨ ਵਿੱਚ 20000 ਕਰਮਚਾਰੀਆਂ ਦੇ ਨਾਲ 35 ਬਾਹਰਲੇ ਦੇਸ਼ਾਂ ਵਿੱਚ ਕੰਮ ਕਰ ਰਹੀ ਹੈ ਅਤੇ ਵਿਸ਼ਵ ਪੱਧਰ ‘ਤੇ ਵਾਜਬ ਕੀਮਤਾਂ ‘ਤੇ ਦਵਾਈਆਂ ਪ੍ਰਦਾਨ ਕਰਦੀ ਹੈ।
ਏਡੀਜੀਪੀ ਭਲਾਈ ਅਰਪਿਤ ਸ਼ੁਕਲਾ ਨੇ ਕੋਵਿਡ-19 ਕਰਕੇ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ ਜੋ ਆਪਣਾ ਸਮਾਂ ਕੱਢ ਕੇ ਆਪਣੇ ਪਿਆਰਿਆਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਸਮਾਗਮ ਵਿੱਚ ਸ਼ਾਮਲ ਹੋਏ।
ਇਸ ਮੌਕੇ ਡੀਆਈਜੀ ਜਲੰਧਰ ਰੇਂਜ ਐਸ. ਬੂਪਤੀ, ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ ਪੀਪੀਏ ਫਿਲੌਰ ਹਰਮਨਬੀਰ ਸਿੰਘ ਗਿੱਲ, ਏਆਈਜੀ ਭਲਾਈ ਸੁਖਵੰਤ ਸਿੰਘ ਗਿੱਲ ਅਤੇ ਐਸਐਸਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਵੀ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!