
ਬੁੱਧਵਾਰ ਨੂੰ ਕੀਤੀ ਜਾਵੇਗੀ ਨਾਮਜ਼ਦਗੀਆਂ ਦੀ ਪੜਤਾਲ ਅਤੇ ਉਮੀਦਵਾਰ 4 ਫਰਵਰੀ ਨੂੰ ਵਾਪਸ ਲੈ ਸਕਣਗੇ ਕਾਗਜ਼
ਜਲੰਧਰ (ਅਮਰਜੀਤ ਸਿੰਘ ਲਵਲਾ)
ਨਾਮਜ਼ਦਗੀ ਪੱਤਰ ਭਰਨ ਦੇ ਅੱਜ ਆਖਰੀ ਦਿਨ 69 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਅਤੇ ਜਲੰਧਰ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ‘ਚ ਹੁਣ ਤੱਕ ਕੁੱਲ 170 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਇਨ੍ਹਾਂ ਵਿੱਚੋਂ ਫਿਲੌਰ ਵਿੱਚ 3, ਨਕੋਦਰ ਵਿੱਚ 8, ਸ਼ਾਹਕੋਟ ਵਿੱਚ 10, ਕਰਤਾਰਪੁਰ ਵਿੱਚ 4, ਜਲੰਧਰ ਪੱਛਮੀ ਵਿੱਚ 16, ਜਲੰਧਰ ਕੇਂਦਰੀ ਵਿੱਚ 4, ਜਲੰਧਰ ਉੱਤਰੀ ਵਿੱਚ 8, ਜਲੰਧਰ ਛਾਉਣੀ ਵਿੱਚ 6 ਅਤੇ ਹਲਕਾ ਆਦਮਪੁਰ ਵਿੱਚ 10 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਲੰਧਰ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 170 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੰਗਲਵਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਆਖਰੀ ਦਿਨ ਸੀ ਅਤੇ 2 ਫਰਵਰੀ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ 4 ਫਰਵਰੀ ਨੂੰ ਕਾਗਜ਼ ਵਾਪਸ ਲਏ ਜਾ ਸਕਦੇ ਹਨ ।
ਹੁਣ ਤੱਕ ਫਿਲੌਰ ਹਲਕੇ ਵਿਚ 18, ਨਕੋਦਰ ਵਿਚ 20, ਸ਼ਾਹਕੋਟ ਵਿਚ 21, ਕਰਤਾਰਪੁਰ ਵਿਚ 15, ਜਲੰਧਰ ਪੱਛਮੀ ਵਿਚ 26, ਜਲੰਧਰ ਕੇਂਦਰੀ ਵਿਚ 15, ਜਲੰਧਰ ਉੱਤਰੀ ਵਿਚ 23, ਜਲੰਧਰ ਛਾਉਣੀ ਵਿਚ 18 ਅਤੇ ਆਦਮਪੁਰ ਵਿਧਾਨ ਸਭਾ ਹਲਕੇ ਵਿੱਚ 14 ਨਾਮਜ਼ਦਗੀਆਂ ਭਰੀਆਂ ਗਈਆਂ ਹਨ।



