
ਨਿੱਕੂ ਪਾਰਕ ਵਿੱਚ ਬ੍ਰੇਕ ਡਾਂਸ ਝੂਲਾ ਅਤੇ ਕ੍ਰਿਕਟ ਬੋਲਿੰਗ ਮਸ਼ੀਨ ਚਾਲੂ—ਡਿਪਟੀ ਕਮਿਸ਼ਨਰ
ਪ੍ਰਸ਼ਾਸਨ ਵੱਲੋਂ ਪਾਰਕ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਦੇ ਠੋਸ ਯਤਨਾਂ ਸਦਕਾ ਬੱਚਿਆਂ ਦੇ ਮਨਪਸੰਦ ਮਨੋਰੰਜਨ ਸਥਾਨ ਨਿੱਕੂ ਪਾਰਕ ਨੇ ਇਥੇ ਕਈ ਵਿਕਾਸ ਕਾਰਜ ਹੋਣ ਮੁਕੰਮਲ ਹੋਣ ਤੋਂ ਬਾਅਦ ਆਪਣੀ ਪੁਰਾਣੀ ਸ਼ਾਨ ਮੁੜ ਹਾਸਲ ਕਰ ਲਈ ਹੈ। ਪਾਰਕ ਵਿੱਚ ਦਰਸ਼ਕਾਂ ਵੱਲੋਂ ਲੰਮੇ ਸਮੇਂ ਤੋਂ ਉਡੀਕ ਕੀਤੇ ਜਾ ਰਹੇ ਬ੍ਰੇਕ ਡਾਂਸ ਝੂਲੇ ‘ਤੇ ਕ੍ਰਿਕਟ ਬੋਲਿੰਗ ਖੇਡ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਸਦਕਾ ਇੱਥੇ ਮਨੋਰੰਜਨ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸਿਆਮ ਥੋਰੀ ਨੇ ਦੱਸਿਆ ਕਿ ਦੋਵੇਂ ਨਵੀਆਂ ਸਹੂਲਤਾਂ 5 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇਸ ਤੋਂ ਪਹਿਲਾਂ ਇੱਥੇ 12 ਲੱਖ ਰੁਪਏ ਦੀ ਲਾਗਤ ਨਾਲ ਕਈ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਪਾਰਕ ਦੀਆਂ ਕੰਧਾਂ ਉੱਤੇ ਮਨਮੋਹਕ ਤਸਵੀਰਾਂ ਪੇਂਟ ਕਰ ਕੇ ਨਿੱਕੂ ਪਾਰਕ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ।
ਘਨਸਿਆਮ ਥੋਰੀ ਨੇ ਦੱਸਿਆ ਕਿ ਪਾਰਕ ਵਿੱਚ ਵਿਸ਼ਾ ਆਧਾਰਤ ਪੇਂਟਿੰਗ ਕਰਵਾਈ ਗਈ ਹੈ, ਜੋ ਕਿ ਬੱਚਿਆਂ ਵਿੱਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਰੱਖ-ਰਖਾਅ ਦੀ ਘਾਟ ਕਾਰਨ ਬ੍ਰੇਕ ਡਾਂਸ ਰਾਈਡ ਬੰਦ ਪਈ ਸੀ ਜਦਕਿ ਕ੍ਰਿਕਟ ਬੋਲਿੰਗ ਮਸ਼ੀਨ ਪਾਰਕ ਵਿੱਚ ਨਵੀਂ ਸਥਾਪਿਤ ਕੀਤੀ ਗਈ ਹੈ ਅਤੇ ਦੋਵੇਂ ਹੁਣ ਕਾਰਜਸ਼ੀਲ ਹਨ।
ਸ਼ਹਿਰ ਦੇ ਬਿਲਕੁਲ ਵਿਚਕਾਰ 4.5 ਏਕੜ ਵਿੱਚ ਸਥਿਤ ਨਿੱਕੂ ਪਾਰਕ ਕੋਵਿਡ-19 ਮਹਾਂਮਾਰੀ ਕਾਰਨ ਲਗਭਗ ਇਕ ਸਾਲ ਬੰਦ ਰਹਿਣ ਕਾਰਨ ਸਾਂਭ-ਸੰਭਾਲ ਦੀ ਘਾਟ ਕਰ ਕੇ ਖਸਤਾ ਹਾਲਤ ਵਿੱਚ ਸੀ। ਡਿਪਟੀ ਕਮਿਸ਼ਨਰ ਵੱਲੋਂ ਕੁਝ ਮਹੀਨੇ ਪਹਿਲਾਂ ਪਾਰਕ ਦੀ ਹਾਲਤ ਦਾ ਜਾਇਜ਼ਾ ਲੈਣ ਉਪਰੰਤ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਸੀ। ਉਨ੍ਹਾਂ ਪਾਰਕ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਪਾਰਕ ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।



