
*ਟੀਬੀ ਚੈਂਪਿਅਨਜ਼ ਵਲੋਂ ਪਿੰਡ ਅਤੇ ਸ਼ਹਿਰੀ ਪੱਧਰ ਉੱਤੇ ਸਿਗਨੇਚਰ ਕੰਪੇਨ ਚਲਾਈ ਜਾਵੇਗੀ—ਸਿਵਲ ਸਰਜਨ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਸਿਹਤ ਵਿਭਾਗ ਵਲੋਂ 2025 ਤੱਕ ਭਾਰਤ ਨੂੰ ਟੀਬੀ ਮੁਕਤ ਬਣਾਉਣ ਦੇ ਮਕਸਦ ਨਾਲ ਸ਼ੁਕਰਵਾਰ ਨੂੰ ਸਿਵਲ ਸਰਜਨ ਦਫਤਰ ਵਿਖੇ ਟੀਬੀ ਵਿਰੁੱਧ ਲੜਾਈ ਵਿੱਚ ਸਹਾਇਤਾ ਦੇਣ ਲਈ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਸਹੁੰ ਪੱਤਰ, ਬੈਚ ਅਤੇ ਸਟੀਕਰ ਰੀਲੀਜ਼ ਕੀਤੇ ਗਏ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਕੁਮਾਰ ਚੋਪੜਾ, ਸਹਾਇਕ ਸਿਹਤ ਅਫਸਰ ਡਾ. ਟੀਪੀ ਸਿੰਘ, ਡੀਡੀਐਚਓ ਡਾ. ਬਲਜੀਤ ਕੌਰ ਰੂਬੀ, ਜਿਲ੍ਹਾ ਟੀਬੀ ਅਫਸਰ ਡਾ. ਰੀਤੂ ਚੰਦਰ, ਡਾ. ਰਘੂਪ੍ਰਿਯਾ, ਡਿਸਟ੍ਰੀਕ ਕਮਿਊਨਿਟੀ ਕੋਆਰਡੀਨੇਟਰ ਪ੍ਰੋਜੇਕਟ ਯੁਨਾਈਟ ਟੂ ਐਕਟ ਡਾ. ਜੋਤੀ ਬਾਲਾ, ਐਸਐਮਓ ਡਾ. ਸੁਨੀਲ ਭਗਤ, ਐਸਐਮਓ ਪਰਮਜੀਤ ਸਿੰਘ, ਬੀਈਈ ਰਾਕੇਸ਼ ਸਿੰਘ, ਬੀਈਈ ਮਾਨਵ ਸ਼ਰਮਾ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।
ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਨੈਸ਼ਨਲ ਟਿਊਬਰਕਲੋਸਿਸ ਅਰੈਡੀਕੇਸ਼ਨ ਪ੍ਰੋਗਰਾਮ (ਐਨਟੀਈਪੀ) ਤਹਿਤ ਸਿਹਤ ਵਿਭਾਗ ਵਲੋਂ ਵੱਖ-ਵੱਖ ਗਤੀਵਿਧੀਆਂ ਕਰਕੇ ਟੀਬੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੀਬੀ ਚੈਂਪਿਅਨਜ਼ ਵਲੋਂ ਹੁਣ ਤੱਕ 493 ਟੀਬੀ ਮਰੀਜਾਂ ਨਾਲ ਸੰਪਰਕ ਕੀਤਾ ਗਿਆ ਹੈ ਜਿਸ ਦੌਰਾਨ ਉਨ੍ਹਾਂ ਵਲੋਂ ਮਰੀਜ ਦੀ ਕਾਉਂਸਲਿੰਗ, ਡਾਈਟ, ਨਿੱਜੀ ਸਾਫ-ਸਫਾਈ, ਪਰਹੇਜ ਅਤੇ ਟੀਬੀ ਦੀ ਦਵਾਈ ਨਿਰੰਤਰ ਖਾਂਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚੈਂਪਿਅਨਜ਼ ਵਲੋਂ ਪਿੰਡ ਅਤੇ ਸ਼ਹਿਰੀ ਪੱਧਰ ਉੱਤੇ ਸਿਗਨੇਚਰ ਕੰਪੇਨ ਚਲਾਈ ਜਾਵੇਗੀ, ਜਿਸ ਤਹਿਤ ਲੋਕਾਂ ਨੂੰ ਸਮੂਹਿਕ ਤੌਰ ‘ਤੇ ਟੀਬੀ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਭਾਰਤ ਨੂੰ ਟੀਬੀ ਮੁਕਤ ਕਰਨ ਦੀ ਅਹਿਦ ਦਵਾਈ ਜਾਵੇਗੀ।



