
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਟ੍ਰੇਨਿੰਗ ਸਟਾਫ਼ ਨੂੰ ਚੋਣਾਂ ਸਬੰਧੀ ਸਮੁੱਚੀਆਂ ਗਤੀਵਿਧੀਆਂ ਸਮਾਂ ਸਾਰਣੀ ਅਨੁਸਾਰ ਸਮੇਂ ਸਿਰ ਸ਼ੁਰੂ ‘ਤੇ ਮੁਕੰਮਲ ਕਰਨ ਦੀਆਂ ਹਦਾਇਤਾਂ
ਜਲੰਧਰ (ਅਮਰਜੀਤ ਸਿੰਘ ਲਵਲਾ)
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੇ ਸੰਚਾਲਨ ਸਬੰਧੀ ਇੱਕ ਹੋਰ ਵਿਸ਼ੇਸ਼ ਟ੍ਰੇਨਿੰਗ ਕਰਵਾਈ ਗਈ, ਜਿਸ ਦੌਰਾਨ ਸਮੂਹ ਜ਼ਿਲ੍ਹਾ ਨੋਡਲ ਅਫ਼ਸਰਾਂ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ, ਸੈਕਟਰ ਅਫ਼ਸਰਾਂ ਅਤੇ ਈਵੀਐਮ ਮਾਸਟਰ ਟ੍ਰੇਨਰਾਂ ਨੂੰ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ 9 ਹਲਕਿਆਂ ਵਿੱਚ ਕੁੱਲ 45 ਮਾਸਟਰ ਟ੍ਰੇਨਰ (ਹਰੇਕ ਹਲਕੇ ਵਿੱਚ 5) ਅਤੇ 181 ਸੈਕਟਰ ਅਫ਼ਸਰ ਤਾਇਨਾਤ ਕੀਤੇ ਗਏ ਸਨ। ਫਿਲੌਰ ਵਿਧਾਨ ਸਭਾ ਹਲਕੇ ਵਿੱਚ 23, ਨਕੋਦਰ ਵਿੱਚ 22, ਸ਼ਾਹਕੋਟ ਵਿੱਚ 21, ਕਰਤਾਰਪੁਰ ਵਿੱਚ 25, ਜਲੰਧਰ ਪੱਛਮੀ ਵਿੱਚ 18, ਜਲੰਧਰ ਕੇਂਦਰੀ ਵਿੱਚ 12, ਜਲੰਧਰ ਉੱਤਰੀ ਵਿੱਚ 19, ਜਲੰਧਰ ਛਾਉਣੀ ਵਿੱਚ 20 ਅਤੇ ਆਦਮਪੁਰ ਹਲਕੇ ਵਿੱਚ 21 ਸੈਕਟਰ ਅਫ਼ਸਰ ਤਾਇਨਾਤ ਹਨ। ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਜ ਦੀ ਸਿਖਲਾਈ ਦਾ ਉਦੇਸ਼ ਚੋਣ ਡਿਊਟੀ ‘ਤੇ ਤਾਇਨਾਤ ਸਮੂਹ ਅਧਿਕਾਰੀਆਂ, ਕਰਮਚਾਰੀਆਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਉਣਾ ਸੀ ਤਾਂ ਜੋ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ‘ਤੇ ਵੋਟਿੰਗ ਪ੍ਰਕਿਰਿਆ ਨੂੰ ਬਿਨਾਂ ਕਿਸੇ ਸਮੱਸਿਆ ਦੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਈਵੀਐਮ, ਵੀਵੀਪੈਟ ਦੀ ਹਲਕਾਵਾਰ ਵੰਡ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਲੌਰ ਹਲਕੇ ਨੂੰ ਰਿਜ਼ਰਵ ਯੂਨਿਟਾਂ ਸਮੇਤ ਕੁੱਲ 291 ਬੈਲਟ ਯੂਨਿਟ, 291 ਕੰਟਰੋਲ ਯੂਨਿਟ ਅਤੇ 315 ਵੀਵੀਪੈਟ ਯੂਨਿਟ ਦਿੱਤੇ ਗਏ ਹਨ। ਇਸੇ ਤਰ੍ਹਾਂ ਨਕੋਦਰ ਹਲਕੇ ਨੂੰ 303 ਬੈਲਟ ਯੂਨਿਟ, 303 ਕੰਟਰੋਲ ਯੂਨਿਟ ਅਤੇ 328 ਵੀਵੀਪੈਟ ਯੂਨਿਟ ਅਲਾਟ ਕੀਤੇ ਗਏ ਹਨ, ਜਦਕਿ ਸ਼ਾਹਕੋਟ ਨੂੰ 300 ਬੈਲਟ ਯੂਨਿਟ, 300 ਕੰਟਰੋਲ ਯੂਨਿਟ ਅਤੇ 325 ਵੀਵੀਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ। ਕਰਤਾਰਪੁਰ ਹਲਕੇ ਵਿੱਚ 274 ਬੈਲਟ ਯੂਨਿਟ ਅਤੇ 274 ਕੰਟਰੋਲ ਯੂਨਿਟ ਤੇ 297 ਵੀਵੀਪੈਟ ਅਲਾਟ ਕੀਤੀਆਂ ਗਈਆਂ ਹਨ ਜਦਕਿ ਜਲੰਧਰ ਪੱਛਮੀ ਵਿੱਚ 220 ਬੈਲਟ ਯੂਨਿਟ ਅਤੇ 220 ਕੰਟਰੋਲ ਯੂਨਿਟਾਂ ਤੋਂ ਇਲਾਵਾ 238 ਵੀਵੀਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ।
ਇਸੇ ਤਰ੍ਹਾਂ ਜਲੰਧਰ ਕੇਂਦਰੀ ਹਲਕੇ ਨੂੰ 228-228 ਬੈਲਟ ਤੇ ਕੰਟਰੋਲ ਯੂਨਿਟ ਦੇ ਨਾਲ 247 ਵੀਵੀਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਉੱਤਰੀ ਹਲਕੇ ਨੂੰ 236-236 ਬੈਲਟ ਤੇ ਕੰਟਰੋਲ ਯੂਨਿਟ ਅਲਾਟ ਕੀਤੇ ਗਏ ਹਨ ਜਦਕਿ 255 ਵੀਵੀਪੈਟ ਦਿੱਤੀਆਂ ਗਈਆਂ ਹਨ। ਜਲੰਧਰ ਛਾਉਣੀ ਅਤੇ ਆਦਮਪੁਰ ਹਲਕਿਆਂ ਵਿੱਚ ਹਰੇਕ ਨੂੰ 261-261 ਬੈਲਟ ਯੂਨਿਟ ਤੇ ਕੰਟਰੋਲ ਯੂਨਿਟਾਂ ਤੋਂ ਇਲਾਵਾ ਦੋਵਾਂ ਹਲਕਿਆਂ ਵਿੱਚ 283 ਵੀਵੀਪੈਟ ਮਸ਼ੀਨਾਂ ਅਲਾਟ ਕੀਤੀਆਂ ਗਈਆਂ ਹਨ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਸਮੂਹ ਸੈਕਟਰ ਅਫ਼ਸਰਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਪੋਲਿੰਗ ਟੀਮਾਂ ਅਤੇ ਪੋਲਿੰਗ ਸਮੱਗਰੀ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਹੋਰ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਾਰੀਆਂ ਰਿਪੋਰਟਾਂ ਸਮੇਂ ਸਿਰ ਭੇਜੀਆਂ ਜਾਣੀਆਂ ਚਾਹੀਦੀਆਂ ਹਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਯੂਟੀ) ਓਜਸਵੀ ਅਲੰਕਾਰ, ਚੋਣ ਤਹਿਸੀਲਦਾਰ ਸੁਖਦੇਵ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।



