
ਹਾਦਸਿਆਂ ਨੂੰ ਰੋਕਣ ਲਈ ਮਾਪਿਆਂ ਨੂੰ ਪਤੰਗਬਾਜੀ ਦੌਰਾਨ ਬੱਚਿਆਂ ਨਾਲ ਰਹਿਣ ਦੀ ਅਪੀਲ
ਜਲੰਧਰ (ਅਮਰਜੀਤ ਸਿੰਘ ਲਵਲਾ)
ਬਸੰਤ ਰੁੱਤ ਦੇ ਆਗਮਨ ‘ਤੇ ਲੋਕਾਂ ਵਿੱਚ ਪਤੰਗਬਾਜੀ ਦਾ ਰੁਝਾਨ ਵੱਧ ਜਾਂਦਾ ਹੈ। ਜਿਸ ਕਰਕੇ ਪਤੰਗਬਾਜੀ ਦੌਰਾਨ ਥੋੜੀ ਜਿਹੀ ਲਾਪਰਵਾਹੀ ਨਾਲ ਹਾਦਸੇ ਆਮ ਹੀ ਦੇਖਣ ਨੂੰ ਮਿਲਦੇ ਹਨ। ਅਜਿਹੇ ਵਿੱਚ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਬੱਚਿਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਵੱਲੋਂ ਕੀਤੀ ਜਾ ਰਹੀ ਪਤੰਗਬਾਜੀ ਦੌਰਾਨ ਉਹ ਖੁਦ ਨਾਲ ਮੌਜੂਦ ਰਹਿਣ ਅਤੇ ਇਹ ਖਿਆਲ ਰੱਖਣ ਕਿ ਉਹ ਪਤੰਗ ਉਡਾਉਣ ਲਈ ਜਿਆਦਾ ਮਜਬੂਤ ਡੋਰ ਦੇ ਲਾਲਚ ਵਿੱਚ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ।
ਸਿਵਲ ਸਰਜਨ ਨੇ ਕਿਹਾ ਕਿ ਆਮ ਤੌਰ ਤੇ ਪਤੰਗਬਾਜੀ ਦਰਮਿਆਨ ਡੋਰ ਬਿਜਲੀ ਦੀਆਂ ਤਾਰਾਂ ਵਿੱਚ ਫਸ ਜਾਂਦੀ ਹੈ ਅਤੇ ਬੱਚੇ ਇਸਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਕਈ ਵਾਰ ਪਤੰਗ ਦੇ ਲਾਲਚ ਵਿੱਚ ਬੱਚੇ ਛੱਤਾਂ ਤੋਂ ਡਿੱਗ ਪੈਂਦੇ ਹਨ। ਅਜਿਹੇ ਵਿੱਚ ਮਾਤਾ-ਪਿਤਾ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਪਤੰਗਬਾਜੀ ਸਮੇਂ ਉਹ ਬੱਚੇ ਨਾਲ ਮੌਜੂਦ ਰਹਿਣ ਅਤੇ ਉਨ੍ਹਾਂ ਨੂੰ ਸਮਝਾਉਣ ਕਿ ਜੇਕਰ ਡੋਰ ਕਿਸੇ ਬਿਜਲੀ ਦੀ ਤਾਰ ਨਾਲ ਉਲਝ ਜਾਵੇ, ਤਾਂ ਉਸਨੂੰ ਛੁਡਾਉਣ ਦੀ ਕੋਸ਼ਿਸ਼ ਨਾ ਕਰਨ। ਪਤੰਗਬਾਜੀ ਕਰਨ ਲਈ ਕਿਸੇ ਅਜਿਹੀ ਛੱਤ ਜਾਂ ਸਥਾਨ ‘ਤੇ ਨਾ ਜਾਣ, ਜਿੱਥੇ ਬਿਜਲੀ ਦਾ ਕੋਈ ਖੰਭਾ ਜਾਂ ਤਾਰ ਗੁਜਰਦੀ ਹੋਵੇ। ਬੱਚਿਆਂ ਨੂੰ ਇਹ ਵੀ ਦੱਸਣ ਕਿ ਕੱਟੀਆਂ ਹੋਈਆਂ ਪਤੰਗਾ ਦੇ ਪਿੱਛੇ ਦੌੜਨ ਕਾਰਣ ਉਹ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਮਾਤਾ-ਪਿਤਾ ਦੀ ਜਾਗਰੂਕਤਾ ਅਤੇ ਸਮਝ ਦੇ ਨਾਲ ਹੀ ਬੱਚਿਆਂ ਨੂੰ ਅਜਿਹੇ ਹਾਦਸਿਆਂ ਤੋਂ ਬਚਾਇਆ ਜਾ ਸਕਦਾ ਹੈ।
ਡਾ. ਰਣਜੀਤ ਸਿੰਘ ਨੇ ਕਿਹਾ ਕਿ ਪਤੰਗਬਾਜੀ ਦੇ ਲਈ ਚਾਇਨੀਜ਼ ਡੋਰ ਦੀ ਵਰਤੋਂ ਉੱਪਰ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ, ਪਰੰਤੂ ਫਿਰ ਵੀ ਲੁਕ-ਛਿਪ ਕੇ ਇਸਦੀ ਵਿਕਰੀ ਕੀਤੀ ਜਾ ਰਹੀ ਹੈ। ਇਹ ਡੋਰ ਸਿੰਥੈਟਿਕ, ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਬਹੁਤ ਮਜ਼ਬੂਤ ਤੇ ਨਾ ਗਲਣਯੋਗ, ਨਾ ਟੁੱਟਣਯੋਗ ਹੁੰਦੀ ਹੈ। ਇਸ ਡੋਰ ਉੱਪਰ ਕੱਚ, ਲੋਹੇ ਆਦਿ ਦੀ ਪਰਤ ਚੜ੍ਹੀ ਹੁੰਦੀ ਹੈ ਜਿਸ ਕਾਰਣ ਇਹ ਬਹੁਤ ਹੀ ਧਾਰਦਾਰ ਅਤੇ ਖਤਰਨਾਕ ਬਣ ਜਾਂਦੀ ਹੈ। ਇਹ ਡੋਰ ਪਲਾਂ ਵਿੱਚ ਹੀ ਪਤੰਗ ਉਡਾਉਣ ਵਾਲਿਆਂ ਦੇ ਸਰੀਰ ਦੇ ਅੰਗ, ਹੱਥ ਅਤੇ ਉਂਗਲਾਂ ਕੱਟ ਦਿੰਦੀ ਹੈ। ਰਾਹ ਚੱਲਣ ਵਾਲੇ ਵਿਅਕਤੀ ਅਤੇ ਦੋ-ਪਹੀਆ ਵਾਹਨ ਸਵਾਰ ਇਸਦੀ ਚਪੇਟ ਵਿੱਚ ਆ ਕੇ ਜ਼ਖਮੀ ਹੋ ਸਕਦੇ ਹਨ। ਅਜਿਹੇ ਵਿੱਚ ਚਾਇਨੀਜ਼ ਡੋਰ ਵੇਚਣ ਵਾਲਿਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਲੋਕਹਿਤ ਵਿੱਚ ਧਿਆਨ ਵਿੱਚ ਰੱਖਦਿਆਂ ਚਾਇਨੀਜ਼ ਡੋਰ ਵੇਚਣ ਤੋਂ ਗੁਰੇਜ਼ ਕਰਨ।



