
ਜ਼ਿਲ੍ਹਾ ਜਲੰਧਰ ‘ਚ ਚਲਾਏ ਜਾ ਰਹੇ ਹਨ 11 ਓਟ ਕਲੀਨਿਕ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਜਲੰਧਰ ਲੰਮਾ ਪਿੰਡ, ਦਾ ਰਹਿਣ ਵਾਲਾ ਨੌਜਵਾਨ ਜੈ (ਕਾਲਪਨਿਕ ਨਾਂ), ਜਿਹੜਾ ਕਿ ਕਾਫੀ ਸਮੇਂ ਤੋਂ ਨਸ਼ਿਆਂ ‘ਤੇ ਨਿਰਭਰ ਸੀ, ਪਿਛਲੇ 2 ਸਾਲਾਂ ਤੋਂ ਨਸ਼ਾ ਮੁਕਤ ਹੋ ਕੇ ਆਪਣੇ ਪਰਿਵਾਰ ਨਾਲ ਸਿਹਤਮੰਦ ਜ਼ਿੰਦਗੀ ਗੁਜ਼ਾਰ ਰਿਹਾ ਹੈ।
ਉਸ ਨੇ ਦੱਸਿਆ ਕਿ ਮਾੜੀ ਸੰਗਤ ਵਿੱਚ ਪੈਣ ਕਾਰਨ ਉਹ ‘ਡੋਡੇ’ ‘ਤੇ ‘ਚਿੱਟੇ’ ਦਾ ਨਸ਼ਾ ਕਰਨ ਲੱਗ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਨਸ਼ਾ ਕਰਦਾ ਸੀ ਤਾਂ ਆਪਣੇ ਆਪ ਨੂੰ ਇਕ ਮਰੀਜ਼ ਵਾਂਗ ਮਹਿਸੂਸ ਕਰਦਾ ਸੀ, ਅਤੇ ਕਿਸੇ ਕੰਮ ਵਿੱਚ ਉਸ ਦਾ ਦਿਲ ਨਹੀਂ ਸੀ ਲੱਗਦਾ ਪਰ ਹੁਣ ਜਦੋਂ ਤੋਂ ਉਸ ਨੇ ਨਸ਼ਿਆਂ ਦਾ ਖਹਿੜਾ ਛੱਡ ਕੇ ਆਮ ਜ਼ਿੰਦਗੀ ਨੂੰ ਅਪਣਾਇਆ ਹੈ, ਉਹ ਸੁਖਦ ਜੀਵਨ ਜੀਣ ਲੱਗਾ ਹੈ।
ਆਪਣਾ ਕਾਰੋਬਾਰ ਕਰਨ ਵਾਲੇ ਇਸ ਨੌਜਵਾਨ ਨੇ ਕਿਹਾ ਕਿ ”ਮੈਂ ਆਪਣੇ ਪਰਿਵਾਰ ਲਈ ਨਸ਼ੇ ਛੱਡ ਕੇ ਤੰਦਰੁਸਤ ਜੀਵਨ ਸ਼ੈਲੀ ਅਪਨਾਉਣ ਦਾ ਫੈਸਲਾ ਕੀਤਾ ਅਤੇ ਨਸ਼ਾ ਛੱਡ ਕੇ 2 ਸਾਲਾਂ ਤੋਂ ਵਧੀਆ ਜ਼ਿੰਦਗੀ ਗੁਜ਼ਾਰ ਰਿਹਾ ਹਾਂ, ਜਿਸ ਕਰਕੇ ਮੇਰੀ ਪਤਨੀ ਅਤੇ ਬੱਚੀ ਬੇਹੱਦ ਖੁਸ਼ ਹਨ।
ਉਸ ਨੇ ਦੱਸਿਆ ਕਿ ਨਸ਼ਾ ਮੁਕਤ ਹੋਣ ਲਈ ਉਸ ਨੇ ਓਟ ਸੈਂਟਰ ਸ਼ੇਖੇ ਵਿਖੇ ਪਹੁੰਚ ਕੀਤੀ, ਜਿਥੋਂ ਦੇ ਮੈਡੀਕਲ ਅਫ਼ਸਰ ਡਾ. ਪਰਮਵੀਰ ਸਿੰਘ ‘ਤੇ ਹੋਰ ਸਟਾਫ਼ ਨੇ ਰੋਜ਼ਾਨਾ ਦਵਾਈ ਦੇ ਕੇ ਉਸ ਦੀ ਨਸ਼ਿਆਂ ਦੀ ਆਦਤ ਛੁਡਾ ਦਿੱਤੀ ਅਤੇ ਹੁਣ ਉਸ ਨੂੰ ਨਸ਼ੇ ਦੀ ਕੋਈ ਤੋੜ ਨਹੀਂ ਲੱਗਦੀ।
ਉਸ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਫਸੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਥਾਪਤ ਕੀਤੇ ਗਏ ਓਟ ਕਲੀਨਿਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਲੀਨਿਕ ਨਸ਼ੇ ਤੋਂ ਪੀੜਤ ਮਰੀਜ਼ਾਂ ਲਈ ਬਹੁਤ ਵੱਡਾ ਸਹਾਰਾ ਹਨ। ਜਿਨ੍ਹਾਂ ਵੱਲੋਂ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਨੂੰ ਆਮ ਜ਼ਿੰਦਗੀ ਦੇਣ ਦਾ ਨੇਕ ਕੰਮ ਕੀਤਾ ਜਾ ਰਿਹਾ ਹੈ।
ਉਸ ਨੇ ਨਸ਼ਿਆਂ ਦੇ ਜੰਜਾਲ ਵਿੱਚ ਫਸੇ ਲੋਕਾਂ ਨੂੰ ਨਸ਼ਾ ਮੁਕਤ ਹੋਣ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਓਟ ਕਲੀਨਿਕਾਂ ਵਿੱਚ ਪਹੁੰਚ ਕਰਨ ਦੀ ਅਪੀਲ ਕੀਤੀ।
ਨੋਡਲ ਅਫ਼ਸਰ ਓਟ, ਕਲੀਨਿਕ ਡਾ. ਅਮਨ ਸੂਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਆਰੰਭੀ ਗਈ ਮੁਹਿੰਮ ਤਹਿਤ ਨਸ਼ਿਆਂ ‘ਤੇ ਨਿਰਭਰ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸੂਬੇ ਵਿੱਚ ਆਊਟ ਪੇਸ਼ੈਂਟ ਓਪਿਆਡ ਅਸਿਸਟਡ ਟਰੀਟਮੈਂਟ (ਓਟ) ਕਲੀਨਿਕ ਸਥਾਪਤ ਕੀਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿਖੇ ਸ਼ੇਖੇ, ਬਸਤੀ ਗੁਜਾਂ, ਸਮੇਤ ਸੀਐਚਸੀ ਆਦਮਪੁਰ, ਸੀਐਚਸੀ ਕਾਲਾਬੱਕਰਾ, ਸੀਐਚ.ਸੀ. ਕਰਤਾਰਪੁਰ, ਸੀ.ਐਚ.ਸੀ. ਨਕੋਦਰ, ਸੀ.ਐਚਸੀ ਨੂਰ ਮਹਿਲ, ਸੀਐਚਸੀ ਲੋਹੀਆਂ, ਸੀਐਚਸੀ ਅੱਪਰਾ, ਸੀਐਚਸੀ ਫਿਲੌਰ ਅਤੇ ਸੀਐਚਸੀ ਸ਼ਾਹਕੋਟ ਵਿਖੇ 11 ਓਟ ਕਲੀਨਿਕ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 15000 ਤੋਂ ਵੱਧ ਨਸ਼ਾ ਪੀੜਤ ਮਰੀਜ਼ ਰਜਿਸਟਰਡ ਹਨ ਅਤੇ 12000 ਨਸ਼ਾ ਪੀੜਤ ਮਰੀਜ਼ਾਂ ਨੂੰ ਨਿਯਮਿਤ ਤੌਰ ‘ਤੇ ਦਵਾਈ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਓਟ ਕਲੀਨਿਕਸ ਵਿੱਚ ਕੀਤੇ ਜਾਂਦੇ ਇਲਾਜ ਨਾਲ ਜਿਥੇ ਮਰੀਜ਼ ਨੂੰ ਦਿਮਾਗੀ ਅਤੇ ਸਰੀਰਿਕ ਤੋੜਾਂ ਤੋਂ ਰਾਹਤ ਮਿਲਦੀ ਹੈ। ਉਥੇ ਮੁੜ ਕੰਮਕਾਜ ਕਰਨ ਨਾਲ ਉਸ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ, ਪਰਿਵਾਰ ‘ਤੇ ਸਮਾਜ ਵਿੱਚ ਮੁੜ ਰੁਤਬਾ ਬਣਦਾ ਹੈ ਅਤੇ ਮਨੋਬਲ ਵਧਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਜਾਂ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਓਟ ਕਲੀਨਿਕਾਂ ਵਿਖੇ ਸੰਪਰਕ ਕਰ ਸਕਦਾ ਹੈ।



