ElectionJalandharPunjab

ਪੋਲਿੰਗ ਸਟਾਫ਼ ਨੂੰ ਆਪਣੀ ਚੋਣ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕੀਤਾ ਪ੍ਰੇਰਿਤ—ਡਿਪਟੀ ਕਮਿਸ਼ਨਰ

*ਜਨਰਲ ਆਬਜ਼ਰਵਰਾਂ ਤੇ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਥਾਵਾਂ 'ਤੇ ਚੋਣ ਅਮਲੇ ਨਾਲ ਮੁਲਾਕਾਤ*

*ਪ੍ਰਸ਼ਾਸਨ ਵੱਲੋਂ ਸਿਖਲਾਈ ਸੈਸ਼ਨਾਂ ਦੇ ਸਾਰੇ 10 ਸਥਾਨਾਂ ‘ਤੇ ਸਟਾਫ਼ ਲਈ ਮੁਹੱਈਆ ਗਈ ਕਰਵਾਈ ਟੀਕਾਕਰਨ ਦੀ ਸਹੂਲਤ*
*ਚੋਣ ਅਮਲੇ ਨੂੰ ਪ੍ਰੇਰਿਤ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਐਚਐਮਵੀ ਕਾਲਜ, ਦੋਆਬਾ ਕਾਲਜ, ਕੇਐਮਵੀ ਸੰਸਕ੍ਰਿਤੀ ਸਕੂਲ, ਸੀਟੀ ਯੂਨੀਵਰਸਿਟੀ ਸ਼ਾਹਪੁਰ ‘ਤੇ ਖਾਲਸਾ ਕਾਲਜ ਟੈਕਨੀਕਲ ਕੈਂਪਸ ਦਾ ਦੌਰਾ*
ਜਲੰਧਰ (ਅਮਰਜੀਤ ਸਿੰਘ ਲਵਲਾ)
ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਲਈ ਨਿਯੁਕਤ ਕੀਤੇ ਗਏ ਚਾਰ ਜਨਰਲ ਅਬਜ਼ਰਵਰਾਂ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਐਤਵਾਰ ਨੂੰ ਟ੍ਰੇਨਿੰਗ ਅਤੇ ਰਿਹਰਸਲ ਵਾਲੀਆਂ ਵੱਖ-ਵੱਖ ਥਾਵਾਂ ‘ਤੇ ਪੋਲਿੰਗ ਸਟਾਫ਼ ਨਾਲ ਮੁਲਾਕਾਤ ਕਰਕੇ ਜਿਥੇ ਉਨ੍ਹਾਂ ਨੂੰ ਆਪਣੀ ਚੋਣ ਡਿਊਟੀ ਲਈ ਪ੍ਰੇਰਿਤ ਕੀਤਾ ਉਥੇ ਉਨ੍ਹਾਂ ਨੂੰ ਬਿਨਾਂ ਕਿਸੇ ਵਿਘਨ ਦੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਸਬੰਧੀ ਸੁਝਾਅ ਵੀ ਦਿੱਤੇ।

ਸਥਾਨਕ ਐਚਐਮਵੀ ਕਾਲਜ ਵਿਖੇ ਪਹੁੰਚ ਕੇ ਡਿਪਟੀ ਕਮਿਸ਼ਨਰ ਨੇ ਪੋਲ ਡਿਊਟੀ ਸਟਾਫ਼ ਨੂੰ ਉਨ੍ਹਾਂ ਦੀ ਡਿਊ ਖੁਰਾਕ ਦਿਵਾਉਣ ਲਈ ਸਥਾਪਤ ਕੀਤੇ ਟੀਕਾਕਰਨ ਪੁਆਇੰਟ ਦਾ ਵੀ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟਾਫ਼ ਦਾ ਨਿਰਧਾਰਤ ਖੁਰਾਕਾਂ ਨਾਲ ਟੀਕਾਕਰਨ ਕੀਤਾ ਜਾਵੇ ਅਤੇ ਜਿਨ੍ਹਾਂ ਨੂੰ ਪਹਿਲਾਂ ਹੀ ਦੋ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ, ਉਹ ਆਪੋ-ਆਪਣੇ ਸਿਖਲਾਈ, ਰਿਹਰਸਲ ਸਾਈਟਾਂ ‘ਤੇ ਅਹਿਤਿਆਤੀ ਖੁਰਾਕ ਲੈ ਸਕਦੇ ਹਨ। ਉਪਰੰਤ ਡਿਪਟੀ ਕਮਿਸ਼ਨਰ ਦੋਆਬਾ ਕਾਲਜ ਪਹੁੰਚੇ, ਜਿੱਥੇ ਉਨ੍ਹਾਂ ਨੇ ਰਿਹਰਸਲ ਲਈ ਆਏ ਸਟਾਫ਼ ਨਾਲ ਗੱਲਬਾਤ ਵੀ ਕੀਤੀ। ਘਨਸ਼ਿਆਮ ਥੋਰੀ ਨੇ ਕਿਹਾ ਕਿ ਚੋਣਾਂ ਦੇ ਇਸ ਵਿਸ਼ਾਲ ਕਾਰਜ ਨੂੰ ਨਿਰਵਿਘਨ ਢੰਗ ਨੇਪਰੇ ਚਾੜ੍ਹਨ ਲਈ ਸਾਨੂੰ ਸਾਰਿਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਸਮੁੱਚਾ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਮੁਕੰਮਲ ਕੀਤਾ ਜਾ ਸਕੇ।

ਚਾਰ ਜਨਰਲ ਆਬਜ਼ਰਵਰਾਂ ਮਹੇਸ਼ ਚੰਦਰ ਸ਼ਰਮਾ, ਮਨੋਜ ਕੁਮਾਰ, ਡਾ. ਸਰੋਜ ਕੁਮਾਰ ਅਤੇ ਭੁਪੇਂਦਰਾਂ ਐਸ. ਚੌਧਰੀ, ਜੋ ਕਿ ਸੀਨੀਅਰ ਆਈਏਐਸ ਅਧਿਕਾਰੀ ਹਨ, ਵੱਲੋਂ ਵੀ ਸੀਟੀ ਯੂਨੀਵਰਸਿਟੀ ਵਿਖੇ ਮਾਈਕਰੋ ਅਬਜ਼ਰਵਰਾਂ ਦੇ ਨਾਲ 2 ਸ਼ਿਫਟਾਂ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੀ ਚੋਣ ਡਿਊਟੀ ਸੁਚੱਜੇ ਢੰਗ ਨਾਲ ਨਿਭਾਉਣ ਸਬੰਧੀ ਸੁਝਾਅ ਦਿੱਤੇ। ਅਬਜ਼ਰਵਰਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਾਰਿਆਂ ਨੂੰ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਬਾਰੇ ਪਹਿਲਾਂ ਤੋਂ ਹੀ ਜਾਣੂ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਤਕਨੀਕੀ ਖ਼ਰਾਬੀ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨ ਤੋਂ ਇਲਾਵਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਦੇ ਸੰਚਾਲਨ ਬਾਰੇ ਵੀ ਪੂਰੀ ਤਰ੍ਹਾਂ ਸੁਚੇਤ ਹੋਣਾ ਚਾਹੀਦਾ ਹੈ । ਇਥੇ ਮਾਈਕਰੋ ਅਬਜ਼ਰਵਰਾਂ ਨੂੰ 2 ਸ਼ਿਫਟਾਂ ਵਿੱਚ ਸਿਖਲਾਈ ਦਿੱਤੀ ਗਈ, ਜਿਨ੍ਹਾਂ ਦੀ ਗਿਣਤੀ ਸਵੇਰੇ 947 ਅਤੇ ਸ਼ਾਮ ਨੂੰ 616 ਸੀ।
ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਪੋਲਿੰਗ ਸਟਾਫ਼ ਲਈ ਚੱਲ ਰਹੀ ਰਿਹਰਸਲ ਅਤੇ ਟੀਕਾਕਰਨ ਸਹੂਲਤ ਦਾ ਜਾਇਜ਼ਾ ਲੈਣ ਲਈ ਕੇਐਮਵੀ ਸੰਸਕ੍ਰਿਤੀ ਸਕੂਲ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਅਤੇ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਵਿੱਚ ਰਿਹਰਸਲ ਸਾਈਟਾਂ ਦਾ ਵੀ ਦੌਰਾ ਕੀਤਾ।
ਜ਼ਿਕਰਯੋਗ ਹੈ ਕਿ 20 ਫਰਵਰੀ, 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਤਵਾਰ ਨੂੰ ਜ਼ਿਲ੍ਹੇ ਵਿੱਚ 10 ਥਾਵਾਂ ‘ਤੇ ਵਿਸ਼ੇਸ਼ ਰਿਹਰਸਲ ਕਰਵਾਈ ਗਈ। ਇਨ੍ਹਾਂ ਸਥਾਨਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਲੌਰ, ਗੁਰੂ ਨਾਨਕ ਕਾਲਜ (ਲੜਕੇ) ਨਕੋਦਰ, ਸਰਕਾਰੀ ਕਾਲਜ ਸ਼ਾਹਕੋਟ, ਖਾਲਸਾ ਕਾਲਜ ਕੈਂਟ ਰੋਡ ਜਲੰਧਰ, ਐਚਐਮਵੀ ਕਾਲਜ, ਦੋਆਬਾ ਕਾਲਜ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਏਪੀਜੇ ਕਾਲਜ, ਕੇਐਮਵੀ ਸੰਸਕ੍ਰਿਤੀ ਸਕੂਲ ਅਤੇ ਸੀਟੀ ਯੂਨੀਵਰਸਿਟੀ, ਸ਼ਾਹਪੁਰ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਡਿਊਟੀ ‘ਤੇ ਤਾਇਨਾਤ ਸਟਾਫ਼ ਲਈ ਟੀਕਾਕਰਨ ਦੀ ਸਹੂਲਤ ਖਾਤਰ ਹਰੇਕ ਰਿਹਰਸਲ, ਟ੍ਰੇਨਿੰਗ ਵਾਲੇ ਸਥਾਨ ‘ਤੇ ਘੱਟੋ-ਘੱਟ 6 ਵੈਕਸੀਨੇਟਰ ਅਤੇ 3 ਡਾਟਾ ਐਂਟਰੀ ਆਪ੍ਰੇਟਰ ਤਾਇਨਾਤ ਕੀਤੇ ਗਏ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!