
ਪੋਸ਼ਣ ਮਾਹ ਦੌਰਾਨ 1,93,719 ਵਿਅਕਤੀਆਂ ਦੀ ਭਾਗੀਦਾਰੀ ਪੋਸ਼ਣ ਅਭਿਆਨ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ‘ਚ ਸਹਾਈ ਸਾਬਤ ਹੋਵੇਗੀ—ਡਿਪਟੀ ਕਮਿਸ਼ਨਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਸ਼ੁਰੂ ਕੀਤੇ ਗਏ ਪੋਸ਼ਣ ਅਭਿਆਨ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਪੋਸ਼ਣ ਅਭਿਆਨ ਦਾ ਹੋਕਾ ਦੇਣ ਲਈ ਵਿੱਢੀ ਮੁਹਿੰਮ ‘ਪੋਸ਼ਣ ਮਾਹ’ ਦੌਰਾਨ ਜ਼ਿਲ੍ਹਾ ਜਲੰਧਰ ਸੂਬੇ ਭਰ ਵਿੱਚੋਂ ਮੋਹਰੀ ਭੁਮਿਕਾ ਨਿਭਾਉਣ ਵਿੱਚ ਕਾਮਯਾਬ ਹੋਇਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪੋਸ਼ਣ ਅਭਿਆਨ ਸਬੰਧੀ ਘਰ-ਘਰ ਜਾਗਰੂਕਤਾ ਫੈਲਾਉਣ ਲਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੋਸ਼ਣ ਅਭਿਆਨ ਮਹਿਲਾਵਾਂ ਦੀ ਸਿਹਤ ਨਰੋਈ ਰੱਖਣ ਲਈ ਸਰਕਾਰ ਦਾ ਇਕ ਬਿਹਤਰੀਨ ਉਪਰਾਲਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਔਰਤਾਂ, ਗਰਭਵਤੀ ਮਹਿਲਾਵਾਂ ‘ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੌਸ਼ਟਿਕ ਖੁਰਾਕ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਲਈ ਮਨਾਏ ਜਾ ਰਹੇ ਪੋਸ਼ਣ ਮਾਹ ਤਹਿਤ 12,331 ਗਤੀਵਿਧੀਆਂ ਕਰਵਾ ਕੇ ਜ਼ਿਲ੍ਹਾ ਜਲੰਧਰ ਨੇ ਸੂਬੇ ਭਰ ਵਿੱਚ ਮੋਹਰੀ ਸਥਾਨ ਪ੍ਰਾਪਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ‘ਤੇ ਬਾਲ ਵਿਕਾਸ ਵਿਭਾਗ ਵੱਲੋਂ 1 ਸਤੰਬਰ ਤੋਂ 30 ਸਤੰਬਰ ਤੱਕ ਪੋਸ਼ਣ ਮਾਹ ਇਕ ਜਨ ਅੰਦੋਲਨ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੌਸ਼ਟਿਕ ਭੋਜਨ ਨਾ ਖਾਣ ਕਾਰਨ ਹੋਣ ਵਾਲੇ ਨੁਕਸਾਨਾਂ ਅਤੇ ਪੌਸ਼ਟਿਕ ਭੋਜਨ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪੋਸ਼ਣ ਮਾਹ ਤਹਿਤ ਜ਼ਿਲ੍ਹੇ ਵਿੱਚ 12,331 ਗਤੀਵਿਧੀਆਂ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਲਗਭਗ 1,93,719 ਵਿਅਕਤੀਆਂ ਨੇ ਭਾਗ ਲਿਆ ਗਿਆ, ਜਿਨ੍ਹਾਂ ਵਿੱਚ 32,668 ਪੁਰਸ਼, 93,525 ਮਹਿਲਾਵਾਂ, 27,541 ਬੱਚੇ ਅਤੇ 38,129 ਬੱਚੀਆਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮਲਟੀ ਮਨੀਸਟੀਅਲ ਕਨਵਰਜ਼ਨ ਮਿਸ਼ਨ ਪੋਸ਼ਣ ਅਭਿਆਨ ਲਈ ਵਿਭਾਗ ਵੱਲੋਂ ਜਾਰੀ ਪ੍ਰੋਗਰਾਮ ਤਹਿਤ ਜਿਥੇ ਆਂਗਣਵਾੜੀ ਕੇਂਦਰਾਂ, ਸਕੂਲਾਂ, ਪੰਚਾਇਤਾਂ ਅਤੇ ਹੋਰ ਜਨਤਕ ਥਾਵਾਂ ‘ਤੇ ਪੋਸ਼ਣ ਵਾਟਿਕਾ ਦੇ ਰੂਪ ਵਿੱਚ ਬੂਟੇ ਲਗਾਏ ਗਏ ਹਨ ਉਥੇ ਵੱਖ-ਵੱਖ ਥਾਵਾਂ ‘ਤੇ ਯੋਗਾ ਅਤੇ ਆਯੂਸ਼ ਸਬੰਧੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਥੋਰੀ ਨੇ ਕਿਹਾ ਕਿ ਇਹ ਗਤੀਵਿਧੀਆਂ ਪੂਰੇ ਸਤੰਬਰ ਮਹੀਨੇ ਜਾਰੀ ਰਹਿਣਗੀਆਂ ਅਤੇ ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਪੌਸ਼ਟਿਕ ਖਾਣੇ ਸਬੰਧੀ ਜਾਗਰੂਕਤਾ ਫੈਲਾਉਣ, ਨਿਊਟਰੀ ਗਾਰਡਨ ਬਣਾਉਣ ਬਾਰੇ ਜਾਣਕਾਰੀ ਦੇਣ, ਲਾਭਪਾਤਰੀਆਂ ਨੂੰ ਪੌਸ਼ਟਿਕ ਕਿੱਟਾਂ ਦੀ ਵੰਡ, ਐਸਏਐਮ ਬੱਚਿਆਂ ਦੀ ਪਛਾਣ ਵਰਗੀਆਂ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜੀਐਸ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਨਰੋਈ ਸਿਹਤ ਲਈ ਪੌਸ਼ਟਿਕ ਭੋਜਨ ਦੇ ਫਾਇਦਿਆਂ ਬਾਰੇ ਜਾਗਰੂਕ ਕਰਨ ਲਈ ਚਲਾਈਆਂ ਜਾ ਰਹੀਆਂ ਹੋਰਨਾਂ ਗਤੀਵਿਧੀਆਂ ਦੇ ਨਾਲ-ਨਾਲ ‘ਪੋਸ਼ਣ ਮਾਹ’ ਤਹਿਤ ਗਰਭਵਤੀ ਮਾਵਾਂ ਨੂੰ ਪੋਸ਼ਣ ਅਤੇ ਵਿਅਕਤੀਗਤ ਸਫ਼ਾਈ ਸਬੰਧੀ, ਬੱਚਿਆਂ ਦੀ ਸਹੀ ਖੁਰਾਕ, ਕਿਸ਼ੋਰ ਲੜਕੀਆਂ ਨੂੰ ਪੋਸ਼ਣ ਅਤੇ ਵਿਅਕਤੀਗਤ ਸਾਫ਼-ਸਫ਼ਾਈ, ਸਾਫ਼ ਪਾਣੀ ਦੀ ਵਰਤੋਂ, ਅਨੀਮੀਆ, ਮਾਂ ਦੇ ਦੁੱਧ ਦੀ ਮਹੱਤਤਾ, ਗਰਭਵਤੀ ਔਰਤਾਂ ਦੇ ਐਨਟੀਨੇਟਲ ਚੈੱਕਅਪ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ.ਸੀਡੀਪੀਓਜ਼ ਬਲਾਕਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਚਲਾਉਣ ਦੇ ਨਾਲ-ਨਾਲ ਆਸ਼ਾ, ਆਂਗਣਵਾੜੀ ਵਰਕਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਤਾਲਮੇਲ ਨਾਲ ਕੁਪੋਸ਼ਣ ਦੂਰ ਕਰਨ ਦਾ ਸੁਨੇਹਾ ਘਰ-ਘਰ ਪਹੁੰਚਾਇਆ ਜਾ ਰਿਹਾ ਹੈ।



