
ਜ਼ਿਲ੍ਹੇ ’ਚ ਨਵੀਆਂ ਸਥਾਪਿਤ ਹੋਣ ਵਾਲੀਆਂ ਦੋ ਇਕਾਈਆਂ ਨੂੰ ਯੋਗਤਾ ਸਰਟੀਫਿਕੇਟ ਅਤੇ ਇਕ ਨੂੰ ਸਿਧਾਂਤਕ ਪ੍ਰਵਾਨਗੀ ਜਾਰੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਵੱਲੋਂ ਰਾਜ ਵਿੱਚ ਨਵੇਂ ਉਦਯੋਗ ਸਥਾਪਿਤ ਕਰਨ ਲਈ ਇੰਡਸਟਰੀਅਲ ਅਤੇ ਬਿਜ਼ਨਸ ਡਿਵੈਲਪਮੈਂਟ ਪਾਲਿਸੀ-2017 ਤਹਿਤ ਜ਼ਿਲ੍ਹੇ ਵਿੱਚ ਨਵੀਆਂ ਸਥਾਪਤ ਹੋਣ ਵਾਲੀਆਂ ਤਿੰਨ ਇਕਾਈਆਂ ਵਿੱਚੋਂ ਦੋ ਨੂੰ ਯੋਗਤਾ ਸਰਟੀਫਿਕੇਟ ਜਾਰੀ ਕਰਨ ਤੋਂ ਇਲਾਵਾ ਇਕ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈ/ਸ ਪਨਾਕਾ ਵੂਮੈਨ ਐਂਡ ਹਾਰਟ ਕੇਅਰ ਸੈਂਟਰ ਪ੍ਰਾਈਵੇਟ ਲਿਮਟਿਡ, ਜਲੰਧਰ ਨੂੰ ਸੀਐਲਯੂ/ਈਡੀਸੀ ਤੋਂ ਛੋਟ ਲਈ ਯੋਗਤਾ ਸਰਟੀਫਿਕੇਟ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਦਯੋਗਿਕ ਪਾਲਿਸੀ-2017 ਵਿੱਚ ਉਦਯੋਗ ਤੋਂ ਇਲਾਵਾ ਹਸਪਤਾਲਾਂ ਨੂੰ ਵੀ ਸਰਵਿਸ ਸੈਕਟਰ ਵਜੋਂ ਥਰੱਸਟ ਸੈਕਟਰ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਤਹਿਤ ਉਕਤ ਇਕਾਈ ਨੂੰ 38 ਫੁੱਟ 6 ਇੰਚ ਉਚਾਈ ਤੱਕ 1 ਕਰੋੜ 39 ਲੱਖ 8 ਹਜ਼ਾਰ 200 ਰੁਪਏ (1,39,08,200/ ਰੁਪਏ) ਦੀ ਛੋਟ ਸਬੰਧੀ ਯੋਗਤਾ ਸਰਟੀਫਿਕੇਟ ਦਿੱਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਉਦਯੋਗਿਕ ਪਾਲਿਸੀ-2013 ਤਹਿਤ ਮੈ/ਸ ਜੇਕੇ ਇੰਟਰਨੈਸ਼ਨਲ ਯੂਨਿਟ-ਨੰਬਰ 2 ਜਲੰਧਰ ਨੂੰ ਐਸਜੀਐਸਟੀ, ਇਲੈਕਟ੍ਰੀਸਿਟੀ ਡਿਊਟੀ ਅਤੇ ਰਜਿਸਟਰੀ ’ਤੇ ਆਏ ਖ਼ਰਚੇ ਦੀ ਸਟੈਂਪ ਡਿਊਟੀ ਵਜੋਂ ਖ਼ਰਚੇ ਸਬੰਧੀ 2,15,49,000/ ਰੁਪਏ ਦਾ ਯੋਗਤਾ ਸਰਟੀਫਿਕੇਟ ਅਤੇ ਰਾਈਟ ਟੂ ਬਿਜ਼ਨਸ ਐਕਟ-2020 ਅਧੀਨ ਮੈ/ਸ ਜੇਕੇ ਇੰਟਰਨੈਸ਼ਨਲ ਯੂਨਿਟ ਨੰਬਰ 3, ਜੋ ਕਿ ਇਕਾਈ ਵਲੋਂ ਅਜੇ ਸਥਾਪਿਤ ਕੀਤਾ ਜਾਣਾ ਹੈ, ਸਬੰਧੀ ਸਿਧਾਂਤਕ ਪ੍ਰਵਾਨਗੀ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਪਾਲਿਸੀ ਤਹਿਤ ਕੋਈ ਵੀ ਨਵੀਂ ਸਥਾਪਿਤ ਹੋਣ ਵਾਲੀ ਇਕਾਈ ਕੇਵਲ ਸੀਐਲਯੂ, ਈਡੀਸੀ ਦੀ ਰਕਮ ਜਮ੍ਹਾ ਕਰਵਾ ਕੇ ਇਕਾਈ ’ਤੇ ਲਾਗੂ ਰੈਗੂਲੇਟਰੀ ਕਲੀਅਰੈਂਸਿਸ ਲਏ ਬਿਨਾਂ ਉਦਯੋਗਿਕ ਉਤਪਾਦਨ ਸ਼ੁਰੂ ਕਰ ਸਕਦੀ ਹੈ ਅਤੇ ਜਿਹੜੀਆਂ ਰੈਗੂਲੈਟਰੀਜ਼ ਇਕਾਈ ’ਤੇ ਲਾਗੂ ਹਨ, ਉਨ੍ਹਾਂ ਨੂੰ ਸਾਢੇ 3 ਸਾਲ ਵਿੱਚ ਪ੍ਰਾਪਤ ਕਰ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਉਦਯੋਗਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਉਦਯੋਗਪਤੀਆਂ ਨੂੰ ਜ਼ਿਲ੍ਹੇ ਵਿੱਚ ਨਵੇਂ ਉਦਯੋਗ ਸਥਾਪਿਤ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲੇ ਵਿੱਚ ਉਦਯੋਗ ਸਥਾਪਤ ਹੋਣ ਨਾਲ ਜਿਥੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ ਉਥੇ ਹੀ ਸੂਬੇ ਦੀ ਆਰਥਿਕ ਸਥਿਤੀ ਵਿੱਚ ਵੀ ਮਜ਼ਬੂਤੀ ਆਵੇਗੀ।
ਇਸ ਮੌਕੇ ਦੀਪ ਸਿੰਘ ਗਿੱਲ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗਿਕ ਕੇਂਦਰ ਜਲੰਧਰ, ਮਨਜੀਤ ਲਾਲੀ ਸੀਨੀਅਰ ਇੰਡਸਟਰੀ ਅਫ਼ਸਰ, ਪਾਰਸ ਮਲਹੋਤਰਾ ਬਿਜਨਸ ਫੈਸਿਲੀਟੇਟਰ, ਡਾ.ਅਮਿਤ ਜੈਨ, ਡਾ.ਗਗਨਜੋਤ ਕੌਰ, ਐਸਐਸ ਕੰਗ, ਅਤੇ ਹੋਰ ਵੀ ਮੌਜੂਦ ਸਨ।



