ਪ੍ਰਸ਼ਾਸਨ ਜਲੰਧਰ ‘ਚ ਕਾਰੋਬਾਰ ਕਰਨ ਨੂੰ ਹੋਰ ਸੁਖਾਲਾ ‘ਤੇ ਬਿਹਤਰ ਬਣਾਉਣ ਲਈ ਵਚਨਬੱਧ—ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ
*ਕਿਹਾ, ਡੀਬੀਆਈਆਈ.ਪੀ. ਰਾਹੀਂ ਨਿਵੇਸ਼ਕਾਂ ਨੂੰ ਜਲਦ ਦਿੱਤੀਆਂ ਜਾ ਰਹੀਆਂ ਹਨ ਰੈਗੂਲੇਟਰੀ ਪ੍ਰਵਾਨਗੀਆਂ*
ਜਲੰਧਰ *ਗਲੋਬਲ ਆਜਤੱਕ*
ਜਲੰਧਰ ਵਿੱਚ ਕਾਰੋਬਾਰ ਕਰਨ ਨੂੰ ਹੋਰ ਸੁਖਾਲਾ ‘ਤੇ ਬਿਹਤਰ ਬਣਾਉਣ ਦੀ ਆਪਣੀ ਦ੍ਰਿੜ ਵਚਨਬੱਧਤਾ ਨੂੰ ਦਹੁਰਾਉਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਫਿਰ ਨਿਵੇਸ਼ਕਾਂ ਨੂੰ ਜਲੰਧਰ ਨੂੰ ਆਪਣਾ ਕਾਰੋਬਾਰੀ ਸਥਾਨ ਬਣਾਉਣ ਦਾ ਸੱਦਾ ਦਿੱਤਾ ਕਿਉਂਜੋ ਉਨ੍ਹਾਂ ਨੂੰ ਨਵੇਂ ਉਦਯੋਗ ਖੋਲ੍ਹਣ ਸਬੰਧੀ ਦਸ ਪ੍ਰਮੁੱਖ ਵਿਭਾਗਾਂ ਤੋਂ ਜਲਦ ਰੈਗੂਲੇਟਰੀ ਪ੍ਰਵਾਨਗੀਆਂ ਪ੍ਰਦਾਨ ਕਰਨ ਲਈ ਵਿਸਥਾਰਿਤ ਪ੍ਰਣਾਲੀ ਪਹਿਲਾਂ ਹੀ ਸਥਾਪਤ ਕੀਤੀ ਜਾ ਚੁੱਕੀ ਹੈ।
ਇਨਵੈਸਟ ਪੰਜਾਬ ਦੇ ਸੀਈਓ. ਕੇਕੇ. ਯਾਦਵ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਸਮੀਖਿਆ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਵਿੱਚ ਨਿਵੇਸ਼ਕਾਂ ਨੂੰ ਬਿਹਤਰੀਨ ਸਹੂਲਤਾਂ ਪ੍ਰਦਾਨ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਉਦਯੋਗ ਖੋਲ੍ਹਣ ਸਬੰਧੀ ਦਸ ਪ੍ਰਮੁੱਖ ਵਿਭਾਗਾਂ ਤੋਂ ਰੈਗੂਲੇਟਰੀ ਪ੍ਰਵਾਨਗੀਆਂ ਨੂੰ ਜਲਦ ਪ੍ਰਾਪਤ ਕਰਨ ਲਈ ਡਿਸਟ੍ਰਿਕਟ ਬਿਊਰੋ ਆਫ ਇੰਡਸਟਰੀ ਅਤੇ ਇਨਵੈਸਟਮੈਂਟ ਪ੍ਰਮੋਸ਼ਨ (ਡੀਬੀਆਈਆਈਪੀ) ਨੂੰ ਸਥਾਪਤ ਕੀਤਾ ਗਿਆ ਹੈ, ਜੋ ਕਿ ਨਿਵੇਸ਼ਕਾਂ ਲਈ ਵਰਦਾਨ ਸਾਬਤ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਪ੍ਰਮੁੱਖ ਵਿਭਾਗਾਂ ਦੇ ਨੋਡਲ ਅਫ਼ਸਰਾਂ ਵੱਲੋਂ ਰੈਗੂਲੇਟਰੀ ਪ੍ਰਵਾਨਗੀਆਂ ਪ੍ਰਦਾਨ ਕਰਨ ਲਈ ਡੀਬੀਆਈਆਈਪੀ ਵਿਖੇ ਹਰ ਮੰਗਲਵਾਰ ਨੂੰ ਮੀਟਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜਲੰਧਰ ਡੀਬੀਆਈਆਈਪੀ ਵੱਲੋਂ 25 ਸੈਸ਼ਨ ਕਰਵਾਏ ਜਾ ਚੁੱਕੇ ਹਨ। ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਈ ਵੀ ਨਿਵੇਸ਼ਕ ਨਗਰ ਨਿਗਮ, ਡਿਪਟੀ ਡਾਇਰੈਕਟਰ ਫੈਕਟਰੀਜ਼, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ, ਜੰਗਲਾਤ, ਲੋਕ ਨਿਰਮਾਣ ਵਿਭਾਗ, ਟੈਕਸੇਸ਼ਨ, ਡੀਟੀਪੀ, ਉਦਯੋਗ ਤੇ ਵਣਜ ਵਿਭਾਗ ਅਤੇ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਕਾਰਪੋਰੇਸ਼ਨ ਸਮੇਤ ਦਸ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਹ ਸਾਰੇ ਦਸ ਨੋਡਲ ਅਫ਼ਸਰਾਂ ਨਾਲ ਕਮਰਾ ਨੰਬਰ 314, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿੱਚ ਰੱਖੀ ਗਈ ਬਿਊਰੋ ਦੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਾਰੋਬਾਰੀ ਭਾਈਚਾਰੇ ਨੂੰ ਵੀ ਜਲੰਧਰ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਨਿਵੇਸ਼ਕ ਆਪਣੇ ਨਿਵੇਸ਼ ਉੱਦਮਾਂ ਦੇ ਸਬੰਧ ਵਿੱਚ ਕਿਸੇ ਵੀ ਕਿਸਮ ਦੀ ਸਹਾਇਤਾ ਲਈ ਸੀਨੀਅਰ ਸਲਾਹਕਾਰ ਨਾਲ ਮੋਬਾਈਲ ਨੰਬਰ 90323-04050 ‘ਤੇ ਸੰਪਰਕ ਕਰ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਸਲਾਹਕਾਰ ਜਲੰਧਰ ਡੀਬੀਆਈਆਈਪੀ ਸਟੀਫਨ ਐਸਜੇਐਸ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੌਰਾਨ ਕਾਰੋਬਾਰ ਕਰਨ ਵਿੱਚ ਸੌਖ ਨੂੰ ਬਿਹਤਰ ਬਣਾਉਣ ਦੇ ਮਾਮਲੇ ਵਿੱਚ ਜਲੰਧਰ ਚੋਟੀ ਦੇ ਜ਼ਿਲ੍ਹਿਆਂ ਵਿੱਚੋਂ ਇੱਕ ਸੀ। ਜਲੰਧਰ ਵੱਲੋਂ ਬਿਜ਼ਨਸ ਫਸਟ ਪੋਰਟਲ ਰਾਹੀਂ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਕੁੱਲ ਸੰਖਿਆ, ਸਮਾਂ ਸੀਮਾ ਦੇ ਅੰਦਰ ਮਨਜ਼ੂਰ ਕੀਤੀਆਂ ਅਰਜ਼ੀਆਂ, ਰੈਗੂਲੇਟਰੀ ਕਲੀਅਰੈਂਸ ਲਈ ਲਿਆ ਔਸਤ ਸਮਾਂ ਅਤੇ ਉਪਭੋਗਤਾ ਰੇਟਿੰਗ ਸਕੋਰ ਸਮੇਤ ਕਈ ਪਹਿਲੂਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਜਲੰਧਰ ਨੂੰ ਉਦਯੋਗ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਮੋਹਰੀ ਜ਼ਿਲ੍ਹਾ ਬਣਾਉਣ ਲਈ ਹੋਰ ਵਧੇਰੇ ਠੋਸ ਉਪਰਾਲੇ ਕੀਤੇ ਜਾਣਗੇ।



