
ਪ੍ਰਸ਼ਾਸਨ ਨੇ ਕਣਕ ਦੀ ਸੁਚੱਜੀ ਖ਼ਰੀਦ ਅਤੇ ਕੋਵਿਡ ਪ੍ਰੋਟੋਕਾਲਜ਼ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜੀਓਜੀਜ਼ ਨੂੰ ਵੀ ਮੈਦਾਨ ਵਿੱਚ ਉਤਾਰਿਆ
ਫ਼ਸਲ ਦੀ ਖ਼ਰੀਦ 'ਤੇ ਕੋਵਿਡ-19 ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਸਬੰਧੀ ਪ੍ਰਸ਼ਾਸਨ ਨੂੰ ਰੋਜ਼ਾਨਾ ਫੀਡਬੈਕ ਦੇਣ
ਮੰਡੀਆਂ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਯੋਗ ਖਰੀਦ ਪ੍ਰਬੰਧਾਂ ‘ਤੇ ਕਿਸਾਨਾਂ ਨੇ ਪ੍ਰਗਟਾਈ ਤਸੱਲੀ
ਜਲੰਧਰ (ਇੰਦਰਜੀਤ ਸਿੰਘ ਲਵਲਾ)
ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਗਾਰਡੀਅਨਸ ਆਫ ਗਵਰਨੈਂਸ (ਜੀਓਜੀਜ਼) ਨੂੰ ਵੀ ਮੈਦਾਨ ਵਿੱਚ ਉਤਾਰ ਦਿੱਤਾ ਹੈ।
ਜ਼ਿਲ੍ਹਾ ਮੁਖੀ ਗਾਰਡੀਅਨਜ਼ ਆਫ ਗਵਰਨੈਂਸ, ਮੇਜਰ ਜਨਰਲ (ਰਿਟਾ) ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ਵਿੱਚ ਬੱਡੀ ਸਿਸਟਮ ਵਿੱਚ ਤਾਇਨਾਤ 150 ਜੀਓਜੀਜ਼ ਵੱਲੋਂ ਫ਼ਸਲ ਦੀ ਖ਼ਰੀਦ ਅਤੇ ਕੋਵਿਡ-19 ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਸਬੰਧੀ ਪ੍ਰਸ਼ਾਸਨ ਨੂੰ ਰੋਜ਼ਾਨਾ ਫੀਡਬੈਕ ਦੇਣ ਦੇ ਕਾਰਜ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਫ਼ਸਲ ਦੀ ਖ਼ਰੀਦ ਅਤੇ ਲਿਫ਼ਟਿੰਗ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਕੋਵਿਡ ਪ੍ਰੋਟੋਕਾਲਜ਼ ਦੀ ਪਾਲਣਾ ਨੂੰ ਵੀ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਮੰਤਵ ਨਾਲ ਜੀਓਜੀਜ਼ ਨੂੰ ਪਲਸ ਆਕਸੀਮੀਟਰਜ਼, ਥਰਮਲ ਸਕੈਨਰਜ਼, ਐਨ 95 ਮਾਸਕ ਅਤੇ ਹੈਂਡ ਸਨੀਟਾਈਜ਼ਰਜ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਥਰਮਲ ਸਕੈਨਰਾਂ ਨਾਲ ਮੰਡੀਆਂ ਵਿੱਚ ਦਾਖਲ ਹੋਣ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰਨਾਂ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਅਤੇ ਪਲਸ ਆਕਸੀਮੀਟਰਾਂ ਰਾਹੀਂ ਆਕਸੀਜ਼ਨ ਪੱਧਰ ਦੀ ਜਾਂਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਤਾਂ ਜੋ ਸ਼ੱਕੀ ਕੋਵਿਡ -19 ਕੇਸਾਂ ਨੂੰ ਹੋਰਨਾਂ ਤੋਂ ਵੱਖ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਸਮੇਂ ਸਿਰ ਸਿਹਤ ਅਧਿਕਾਰੀਆਂ ਵੱਲੋਂ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਤੋਂ ਇਲਾਵਾ ਜੀਓਜੀਜ਼ ਵੱਲੋਂ ਪ੍ਰਸ਼ਾਸਨ ਦੁਆਰਾ ਮੁਹੱਈਆ ਕਰਵਾਏ ਗਏ ਮਾਸਕ ਅਤੇ ਸੈਨੇਟਾਈਜ਼ਰ ਖਰੀਦ ਪ੍ਰਕਿਰਿਆ ਵਿੱਚ ਜੁਟੇ ਅਧਿਕਾਰੀਆਂ, ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨੂੰ ਉਪਲਬਧ ਕਰਵਾਏ ਜਾ ਰਹੇ ਹਨ।
9
ਦੂਜੇ ਪਾਸੇ ਕਿਸਾਨਾਂ ਨੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਮੰਡੀਆਂ ਵਿੱਚ ਕੀਤੇ ਗਏ ਯੋਗ ਖਰੀਦ ਪ੍ਰਬੰਧਾਂ ‘ਤੇ ਜਿਥੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਉਥੇ ਮੰਡੀਆਂ ਵਿੱਚ ਕਿਸਾਨਾਂ ਦੀ ਸੁਵਿਧਾ ਲਈ ਤਾਇਨਾਤ ਜੀਓਜੀਜ਼ ਵੱਲੋਂ ਨਿਭਾਏ ਜਾ ਰਹੇ ਅਹਿਮ ਰੋਲ ਦੀ ਵੀ ਸ਼ਲਾਘਾ ਕੀਤੀ ਹੈ।
ਭੋਗਪੁਰ ਦੀ ਮੰਡੀ ਵਿੱਚ ਆਪਣੀ ਕਣਕ ਦੀ ਫ਼ਸਲ ਵੇਚਣ ਪੁੱਜੇ ਕਿਸਾਨ ਗੁਰਮੀਤ ਸਿੰਘ ਵਾਸੀ ਢੱਡੇ ਸਨੌਰੇ ਨੇ ਕਿਹਾ ਕਿ ਉਹ ਆਪਣੀ 50 ਕੁਇੰਟਲ ਫ਼ਸਲ ਮੰਡੀ ਵਿੱਚ ਵਿਕਰੀ ਲਈ ਲੈ ਕੇ ਆਇਆ ਸੀ, ਜਿਸ ਦੀ ਸਰਕਾਰੀ ਹਦਾਇਤਾਂ ਅਨੁਸਾਰ ਤੁਰੰਤ ਖ਼ਰੀਦ ਕਰ ਲਈ ਗਈ ਅਤੇ ਉਸ ਨੂੰਮੰਡੀ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ।
ਇਕ ਹੋਰ ਕਿਸਾਨ ਮਨਿੰਦਰ ਸਿੰਘ ਵਾਸੀ ਸੈਦਪੁਰ, ਜੋ ਕਿ ਸ਼ਾਹਪੁਰ ਦੀ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਆਇਆ ਸੀ, ਨੇ ਦੱਸਿਆ ਕਿ ਮੰਡੀ ਵਿੱਚ ਕਣਕ ਲਿਆਂਦੇ ਸਾਰ ਹੀ ਪੱਖਾ ਲੱਗਣ ਤੋਂ ਬਾਅਦ ਫ਼ਸਲ ਬੋਲੀ ਹੋ ਗਈ। ਉਸ ਨੇ ਮੰਡੀ ਵਿੱਚ ਮਹਾਂਮਾਰੀ ਤੋਂ ਕਿਸਾਨਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਕੀਤੇ ਬੰਦੋਬਸਤ ‘ਤੇ ਵੀ ਸੰਤੋਸ਼ ਜ਼ਾਹਰ ਕੀਤਾ ਅਤੇ ਜੀਓਜੀਜ਼ ਵੱਲੋਂ ਕੋਵਿਡ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਭਾਈ ਜਾ ਰਹੀ ਭੁਮਿਕਾ ਨੂੰ ਵੀ ਸਰਾਹਿਆ।



