
ਡਿਪਟੀ ਕਮਿਸ਼ਨਰ ਨੇ ਪਿੰਡ ਵਰਿਆਣਾ ਵਿਖੇ ਫੁੱਟਬਾਲ ਸਿਲਾਈ ਟ੍ਰੇਨਿੰਗ ਦੇ ਪਹਿਲੇ ਬੈਚ ਦੀ ਕਰਵਾਈ ਸ਼ੁਰੂਆਤ
ਜਲੰਧਰ (ਗਲੋਬਲ ਆਜਤੱਕ ਅਮਰਜੀਤ ਸਿੰਘ ਲਵਲਾ)
ਰੋਜ਼ਗਾਰ ਦੇ ਵਧੇਰੇ ਮੌਕੇ ਸਿਰਜਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਇੰਡਸਟਰੀ ਦੀ ਮਦਦ ਨਾਲ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਪੀਐਸਆਰਐਲਐਮ) ਤਹਿਤ ਪਿੰਡਾਂ ’ਚ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਮੰਗਲਵਾਰ ਨੂੰ ਪਿੰਡ ਵਰਿਆਣਾ ਵਿਖੇ ਫੁੱਟਬਾਲ ਸਿਲਾਈ ਟ੍ਰੇਨਿੰਗ ਦਾ ਪਹਿਲਾ ਬੈਚ ਸ਼ੁਰੂ ਕਰਵਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਵੀ ਮੌਜੂਦ ਸਨ, ਨੇ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਕਰਨ ਦੇ ਮਕਸਦ ਨਾਲ ਪੀਐਸਆਰਐਲਐਮ ਅਧੀਨ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰਾਂ ਨੂੰ ਹੁਨਰ ਸਿਖਲਾਈ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਹਾਸਲ ਕਰਨ ਸਦਕਾ ਔਰਤਾਂ ਦੀ ਕਾਰਜ ਸਮਰੱਥਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਰੋਜ਼ਗਾਰ ਸਿਰਜਣ ਨੂੰ ਬਲ ਮਿਲੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਥਾਨਕ ਇੰਡਸਟਰੀ ਦੇ ਸਹਿਯੋਗ ਨਾਲ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰਾਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਉਨ੍ਹਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮਿਲਣਗੇ ਅਤੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ।
ਇਸ ਮੌਕੇ ਸੰਦੀਪ ਸਿੰਘ ਬੀਡੀਪੀਓ ਜਲੰਧਰ ਪੱਛਮੀ, ਸਪੋਰਟਸ ਗੁੱਡ ਮੈਨੂੰਫੈਕਚਰਿੰਗ ਐਸੋਸੀਏਸ਼ਨ ਦੇ ਚੇਅਰਮੈਨ ਰਾਕੇਸ਼ ਖਰਬੰਦਾ, ਸਪੋਰਟਸ ਐਸੋਸੀਏਸ਼ਨ ਦੇ ਸਕੱਤਰ ਮੁਕੁਲ ਵਰਮਾ, ਪੀਐਸਆਰਐਲਐਮ ਦੇ ਡੀਪੀਐਮ ਗਗਨਦੀਪ ਸਿੰਘ, ਅਕਾਊਂਟੈਂਟ ਪੀਐਸਆਰਐਲਐਮ ਵਿਕਾਸ ਬਖਸ਼ੀ, ਬਲਾਕ ਮਿਸ਼ਨ ਮੈਨੇਜਰ ਰੀਤਾ ਕਸ਼ਯਪ ਆਦਿ ਮੌਜੂਦ ਸਨ।



