Punjab

ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਦੀ ਇਮਾਰਤ ‘ਚ 30 ਬੈਡਾਂ ਵਾਲਾ ਪੋਸਟ ਕੋਵਿਡ-19 ਰਿਕਵਰੀ ਵਾਰਡ ਸਥਾਪਤ

ਨਵਾਂ ਵਾਰਡ ਕੋਵਿਡ-19 ਤੋਂ ਠੀਕ ਹੋਣ ਵਾਲੇ ਉਨ੍ਹਾਂ ਮਰੀਜ਼ਾਂ, ਜਿਨ੍ਹਾਂ ਨੂੰ ਅਜੇ ਵੀ ਆਕਸੀਜਨ ਸਹਾਇਤਾ ਦੀ ਲੋੜ ਹੈ, ਹਸਪਤਾਲ ‘ਚ ਆਕਸੀਜਨ ਦੀ ਕਰੇਗਾ ਪੂਰਤੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਲੰਧਰ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਦੀ ਇਮਾਰਤ ਵਿੱਚ ਇੱਕ 30 ਬੈਡਾਂ ਵਾਲਾ ਪੋਸਟ ਕੋਵਿਡ-19 ਰਿਕਵਰੀ ਵਾਰਡ ਸਥਾਪਤ ਕੀਤਾ ਗਿਆ ਹੈ, ਜਿਥੇ ਕੋਵਿਡ-19 ਤੋਂ ਠੀਕ ਹੋਣ ਵਾਲੇ ਉਨ੍ਹਾਂ ਮਰੀਜ਼ਾਂ, ਜਿਨ੍ਹਾਂ ਨੂੰ ਅਜੇ ਵੀ ਆਕਸੀਜਨ ਸਹਾਇਤਾ ਦੀ ਲੋੜ ਹੈ, ਨੂੰ ਜਲਦੀ ਸਿਹਤਯਾਬ ਹੋਣ ਲਈ ਸ਼ਿਫ਼ਟ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਨਵੇਂ ਵਾਰਡ ਦਾ ਦੌਰਾ ਕਰਦਿਆਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਦੇ ਨਿਰਵਿਘਨ ਅਤੇ ਬਿਹਤਰ ਇਲਾਜ ਲਈ ਇਸ ਵਾਰਡ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਅਤੇ ਉਪਕਰਣਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਛੁੱਟੀ ਨਾ ਦਿੱਤੀ ਜਾਵੇ, ਜਿਨ੍ਹਾਂ ਦਾ ਆਕਸੀਜਨ ਸੈਚੂਰੇਸ਼ਨ ਪੱਧਰ ਅਜੇ ਵੀ ਅਸਥਿਰ ਹੈ ਅਤੇ ਉਨ੍ਹਾਂ ਨੂੰ ਕੋਵਿਡ -19 ਰਿਕਵਰੀ ਵਾਰਡ ਵਿੱਚ ਉਸ ਸਮੇਂ ਤੱਕ ਰੱਖਿਆ ਜਾਵੇ ਜਦੋਂ ਤੱਕ ਉਹ ਬਿਲਕੁਲ ਤੰਦਰੁਸਤ ਨਹੀਂ ਹੋ ਜਾਂਦੇ। ਉਨ੍ਹਾਂ ਇਹ ਵੀ ਦੱਸਿਆ ਕਿ 30 ਬੈੱਡਾਂ ਵਾਲਾ ਇਹ ਵਾਰਡ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ, ਜਿਨ੍ਹਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ, ਪਰ ਫਿਰ ਵੀ ਆਕਸੀਜਨ ਸੈਚੂਰੇਸ਼ਨ ਘੱਟ ਹੈ।
ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਇਸ ਵਾਰਡ ਵਿੱਚ ਆਕਸੀਜਨ ਕੰਨਸਨਟਰੇਟਰ ਲਗਾਉਣ ਲਈ ਵੀ ਕਿਹਾ ਤਾਂ ਜੋ ਮਰੀਜ਼ਾਂ ਨੂੰ ਆਪਣੇ ਆਕਸੀਜਨ ਪੱਧਰ ਨੂੰ ਸੁਧਾਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਵੱਲੋਂ 30 ਆਕਸੀਜਨ ਕੰਨਸਨਟਰੇਟਰ ਸਿਵਲ ਹਸਪਤਾਲ ਵਿੱਚ ਦਿੱਤੇ ਜਾ ਰਹੇ ਹਨ। ਥੋਰੀ ਨੇ ਇਹ ਵੀ ਦੱਸਿਆ ਕਿ ਸਾਵੀ ਸਪੋਰਟਸ ਵੱਲੋਂ ਵੀ ਬਿਹਤਰ ਕੋਵਿਡ -19 ਪ੍ਰਬੰਧਨ ਲਈ 13 ਕੰਨਸਨਟਰੇਟਰ ਦਾਨ ਕੀਤੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੁੱਚੇ ਹਸਪਤਾਲਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਰੱਖਣ ਸਬੰਧੀ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਜਦੋਂ ਤੱਕ ਉਨ੍ਹਾਂ ਦੇ ਆਕਸੀਜਨ ਪੱਧਰ ਵਿੱਚ ਸੁਧਾਰ ਨਹੀਂ ਹੁੰਦਾ, ਕਿਉਂਕਿ ਵਿਅਕਤੀਗਤ ਵਰਤੋਂ ਲਈ ਆਕਸੀਜਨ ਸਿਲੰਡਰ ਵੇਚਣ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।
ਮੈਡੀਕਲ ਸੁਪਰਡੈਂਟ ਡਾ. ਸੀਮਾ ਨੇ ਕਿਹਾ ਕਿ ਜਦੋਂ ਤੋਂ ਮਹਾਂਮਾਰੀ ਫੈਲੀ ਹੈ, ਜ਼ਿਲ੍ਹਾ ਹਸਪਤਾਲ ਵੱਲੋਂ ਉੱਚ ਪੱਧਰੀ ਮੈਡੀਕਲ ਸੁਵਿਧਾਵਾਂ ਦੇ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਅਤੇ ਇਹ ਨਵਾਂ ਵਾਰਡ ਘੱਟ ਆਕਸੀਜਨ ਸੈਚੂਰੇਸ਼ਨ ਵਾਲਿਆਂ ਦੀ ਜਲਦੀ ਸਿਹਤਯਾਬੀ ਨੂੰ ਯਕੀਨੀ ਬਣਾਏਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਮਹਾਂਮਾਰੀ ਦੇ ਦੌਰ ਵਿੱਚ ਸਿਵਲ ਹਸਪਤਾਲ ਦੇ ਸਿਹਤ ਅਧਿਕਾਰੀਆਂ ਵੱਲੋਂ ਮਰੀਜ਼ਾਂ ਨੂੰ ਬਿਹਤਰ ਡਾਕਟਰੀ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕੀਤਾ ਜਾ ਰਿਹਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!