
*ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ 9 ਹਲਕਿਆਂ ਦੇ 56,976 ਯੋਗ ਵੋਟਰਾਂ ਨੂੰ ਪੋਸਟਲ ਬੈਲਟ ਲਈ 12-ਡੀ ਫਾਰਮ ਕੀਤੇ ਗਏ ਜਾਰੀ*
*ਵੱਖ-ਵੱਖ ਥਾਵਾਂ ‘ਤੇ ਬੈਲਟ ਵੋਟਿੰਗ ਦੇ ਸੁਚਾਰੂ ਸੰਚਾਲਨ ਲਈ ਚੋਣ ਅਮਲੇ ਨੂੰ ਦਿੱਤੀ ਸਿਖਲਾਈ*
ਜਲੰਧਰ 10 ਫਰਵਰੀ (ਅਮਰਜੀਤ ਸਿੰਘ ਲਵਲਾ)
ਪੀਡਬਲਯੂਡੀ ਅਤੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਬੈਲਟ ਵੋਟਿੰਗ ਸੇਵਾਵਾਂ ਦੀ ਸਹੂਲਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਅੱਜ ਇਸ ਸਬੰਧ ਵਿੱਚ ਯੋਗ ਵੋਟਰਾਂ ਤੋਂ ਸਹਿਮਤੀ ਫਾਰਮ (12-ਡੀ) ਪ੍ਰਾਪਤ ਕਰਨ ਤੋਂ ਬਾਅਦ 1541 ਪੋਸਟਲ ਬੈਲਟ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ ਕੁੱਲ 1270 ਵੋਟਰ ਅਤੇ 271 ਪੀਡਬਲਯੂਡੀ ਵੋਟਰ ਘਰ ਵਿੱਚ ਹੀ ਆਪਣੀ ਵੋਟ ਪਾ ਸਕਣਗੇ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਲਈ ਪੋਸਟਲ ਵੋਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਕੁੱਲ 11563 ਪੀਡਬਲਯੂਡੀ ਅਤੇ 80 ਸਾਲ ਤੋਂ ਵੱਧ ਵੋਟਰ ਦੇ 45325 ਵੋਟਰ ਰਜਿਸਟਰਡ ਹਨ, ਜਿਨ੍ਹਾਂ ਵਿੱਚੋਂ 1541 ਵੱਲੋਂ ਪੋਸਟਲ ਬੈਲਟ ਲਈ ਆਪਣੀ ਸਹਿਮਤੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲੌਰ ਹਲਕੇ ਵਿੱਚ 209, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਕੈਂਟ ਅਤੇ ਆਦਮਪੁਰ ਵਿਧਾਨ ਸਭਾ ਹਲਕੇ ਵਿੱਚ ਕ੍ਰਮਵਾਰ 69, 103, 22, 197, 240, 147, 381 ਅਤੇ 173 ਵੋਟਰਾਂ ਵੱਲੋਂ ਪੋਸਟਲ ਬੈਲਟ ਦੀ ਸਹੂਲਤ ਦੀ ਚੋਣ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੀਡਬਲਯੂਡੀ ਅਤੇ ਬਜ਼ੁਰਗ ਵੋਟਰਾਂ ਲਈ ਪੋਲਿੰਗ ਸਟੇਸ਼ਨਾਂ ‘ਤੇ ਸਾਰੇ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਹੈ, ਜਿਸ ਵਿੱਚ ਵ੍ਹੀਲ ਚੇਅਰਾਂ ਦੀ ਉਪਲਬਧਤਾ, ਰੈਂਪ, ਵਲੰਟੀਅਰਾਂ ਦੀ ਤਾਇਨਾਤੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸਹਿਯੋਗ ਦੀ ਲੋੜ ਵਾਲੇ ਵੋਟਰਾਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸਮੂਹ ਵੋਟਰਾਂ ਨੂੰ 20 ਫਰਵਰੀ, 2022 ਨੂੰ ਵੋਟਾਂ ਵਾਲੇ ਦਿਨ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ ਚੋਣ ਅਮਲਾ, ਜਿਸ ਨੂੰ ਯੋਗ ਪੀਡਬਲਯੂਡੀ ਅਤੇ 80 ਤੋਂ ਵੱਧ ਉਮਰ ਦੇ ਵੋਟਰਾਂ ਦੇ ਘਰ ਜਾ ਕੇ ਬੈਲਟ ਵੋਟਿੰਗ ਕਰਵਾਉਣ ਦਾ ਕੰਮ ਸੌਂਪਿਆ ਗਿਆ ਹੈ, ਲਈ ਇੱਕ ਸਿਖਲਾਈ ਸੈਸ਼ਨ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਵੱਲੋਂ ਐਚਐਮਵੀ ਕਾਲਜ ਵਿਖੇ ਸਮੁੱਚੀ ਸਿਖਲਾਈ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਗਈ। ਸੈਸ਼ਨ ਵਿੱਚ ਅਧਿਕਾਰੀਆਂ ਵੱਲੋਂ ਪਾਲਣ ਕੀਤੀ ਜਾਣ ਵਾਲੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਦੇ ਸਬੰਧ ਵਿੱਚ ਚੋਣ ਅਮਲੇ ਨੂੰ ਸਿਖਲਾਈ ਦਿੱਤੀ ਗਈ।



