
ਪੰਜਾਬ ਕਾਂਗਰਸ ‘ਚ ਵੱਡਾ ਸਿਆਸੀ ਸੰਕਟ, 25 ਵਿਧਾਇਕ ਤੇ 8 ਮੰਤਰੀ ਦਿੱਲੀ ਤਲਬ
ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਹੱਲ ਲੱਭਣ ਲਈ 25 ਵਿਧਾਇਕਾਂ ਨੂੰ ਕੀਤਾ ਦਿੱਲੀ ਤਲਬ
ਸਿੱਧੂ ਮੰਗਲਵਾਰ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ
ਜਲੰਧਰ (ਗਲੋਬਲ ਆਜਤੱਕ,ਅਮਰਜੀਤ ਸਿੰਘ ਲਵਲਾ)
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਹੱਲ ਲੱਭਣ ਲਈ 25 ਵਿਧਾਇਕਾਂ ਨੂੰ ਦਿੱਲੀ ਤਲਬ ਕੀਤਾ ਗਿਆ ਹੈ। ਇਨ੍ਹਾਂ ’ਚ 8 ਮੰਤਰੀ ਵੀ ਸ਼ਾਮਲ ਹਨ, ਜਦੋਂਕਿ ਬਾਕੀ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕਮੇਟੀ ਮੰਗਲਵਾਰ ਨੂੰ ਮਿਲੇਗੀ। ਕੁਲ ਹਿੰਦ ਕਾਂਗਰਸ ਕਮੇਟੀ ਦੇ ਦਫ਼ਤਰ ’ਚ ਹੋਣ ਵਾਲੀ ਇਸ ਬੈਠਕ ’ਚ ਹਿੱਸਾ ਲੈਣ ਲਈ ਅੱਧੀ ਦਰਜਨ ਤੋਂ ਜ਼ਿਆਦਾ ਵਿਧਾਇਕ ਐਤਵਾਰ ਸ਼ਾਮ ਨੂੰ ਹੀ ਦਿੱਲੀ ਪਹੁੰਚ ਗਏ ਹਨ, ਜਿਨ੍ਹਾਂ ’ਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹਨ। ਹਾਲਾਂਕਿ ਸਿੱਧੂ ਨੂੰ ਪਹਿਲੇ ਦਿਨ ਮਿਲਣ ਵਾਲੇ ਵਿਧਾਇਕਾਂ ਦੀ ਸੂਚੀ ’ਚ ਸ਼ਾਮਲ ਨਹੀਂ ਕੀਤਾ ਗਿਆ। ਸਿੱਧੂ ਮੰਗਲਵਾਰ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ।
ਇਸ ਦਿਨ 8 ਅੱਠ ਮੰਤਰੀ ਅਤੇ ਬਾਕੀ ਦੇ ਵਿਧਾਇਕ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਮਲਿਕ ਅਰਜੁਨ ਖੜਗੇ, ਜੈ ਪ੍ਰਕਾਸ਼ ਅਗਰਵਾਲ ਅਤੇ ਹਰੀਸ਼ ਰਾਵਤ ਵਾਲੀ ਇਸ ਕਮੇਟੀ ਨੇ ਕਾਂਗਰਸ ਆਗੂਆਂ ਵੱਲੋਂ ਲਈ ਜਾਣ ਵਾਲੀ ਫੀਡਬੈਕ ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਹੈ, ਜਿਨ੍ਹਾਂ ‘ਚ ਇਕ ਹਿੱਸੇ ‘ਚ ਮੰਤਰੀ ‘ਤੇ ਵਿਧਾਇਕ ਹਨ, ਜਦੋਂਕਿ ਦੂਜੇ ਹਿੱਸੇ ‘ਚ ਪਾਰਟੀ ਦੇ ਸਾਂਸਦ, ਰਾਜ ਸਭਾ ਮੈਂਬਰ ‘ਤੇ ਸੂਬਾ ਪ੍ਰਧਾਨ ਹਨ। ਤੀਜੇ ਗੇੜ ‘ਚ ਕਮੇਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲਬਾਤ ਵੀ ਕੀਤੀ ਜਾ ਸਕਦੀ ਹੈ। ਹਾਲਾਂਕਿ ਇਹ ਅਜੇ ਤੈਅ ਨਹੀਂ ਹੈ, ਕਿ ਕਮੇਟੀ ਮੁੱਖ ਮੰਤਰੀ ਨਾਲ ਕਦੋਂ ਬੈਠਕ ਕਰੇਗੀ।
ਜ਼ਿਕਰਯੋਗ ਹੈ, ਕਿ ਪੰਜਾਬ ‘ਚ ਕਾਂਗਰਸ ਦੇ 80 ਵਿਧਾਇਕ ਹਨ। ਉੱਥੇ, ਪਾਰਟੀ ਨੇ ਮੰਤਰੀਆਂ ‘ਤੇ ਵਿਧਾਇਕਾਂ ਨੂੰ ਬੁਲਾਉਣ ‘ਚ ਵੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕਮੇਟੀ ਨੇ ਇਕ ਜ਼ੋਨ ਦੇ ਵਿਧਾਇਕਾਂ ਨੂੰ ਇਕ ਵਾਰ ਨਹੀਂ, ਸਗੋਂ ਮਾਝਾਂ, ਦੁਆਬਾ, ਅਤੇ ਮਾਲਵਾ, ਦੇ ਵਿਧਾਇਕਾਂ ਨੂੰ ਇਕੱਠੇ ਬੁਲਾਇਆ ਹੈ, ਤਾਂਕਿ ਹਰੇਕ ਜ਼ੋਨ ਦਾ ਸਹੀ ਫੀਡਬੈਕ ਕਮੇਟੀ ਤਕ ਪਹੁੰਚੇ। ਉੱਥੇ, ਕਾਂਗਰਸ ‘ਚ ਅੰਦਰੂਨੀ ਕਲੇਸ਼ ਦੀ ਧੁਰੀ ਮੰਨੇ ਜਾਣ ਵਾਲੇ ਨਵਜਤੋ ਸਿੰਘ ਸਿੱਧੂ ਦਿੱਲੀ ਪਹੁੰਚ ਗਏ ਹਨ, ਜਦੋਂਕਿ ਉਨ੍ਹਾਂ ਨੂੰ ਕਮੇਟੀ ਦੇ ਸਾਹਮਣੇ ਸੋਮਵਾਰ ਨੂੰ ਪੇਸ਼ ਨਹੀਂ ਹੋਣਾ। ਮੰਨਿਆ ਜਾ ਰਿਹਾ ਹੈ, ਕਿ ਉਹ ਕੱਲ੍ਹ ਦੀ ਬੈਠਕ ਤੋਂ ਪਹਿਲਾਂ ਹਰੀਸ਼ ਰਾਵਤ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਕੱਲ੍ਹ ਤੋਂ ਸ਼ੁਰੂ ਹੋਣ ਵਾਲੀਆਂ ਬੈਠਕਾਂ ਦੇ ਗੇੜ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕ ਗਈਆਂ ਹਨ। ਆਖ਼ਰ ਕਮੇਟੀ ਇਸ ਸਮੱਸਿਆ ਦਾ ਕਿਸ ਤਰ੍ਹਾਂ ਹੱਲ ਕੱਢਦੀ ਹੈ।
= ਕੈਬਨਿਟ ਮੰਤਰੀਆਂ ‘ਚ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਓਪੀ ਸੋਨੀ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ, ਅਰੁਣਾ ਚੌਧਰੀ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ ਆਦਿ ਸ਼ਾਮਲ ਹਨ, ਜਦੋਂਕਿ ਸਪੀਕਰ ਰਾਣਾ ਕੇਪੀ ਸਿੰਘ ਤੋਂ ਇਲਾਵਾ, ਵਿਧਾਇਕਾਂ ‘ਚ ਰਾਣਾ ਗੁਰਜੀਤ ਸਿੰਘ, ਰਣਦੀਪ ਸਿੰਘ ਨਾਭਾ, ਸੰਗਤ ਸਿੰਘ ਗਿਲਜ਼ੀਆ, ਗੁਰਕੀਰਤ ਸਿੰਘ ਕੋਟਲੀ, ਕੁਲਜੀਤ ਨਾਗਰਾ, ਪਵਨ ਆਦੀਆ, ਰਾਜ ਕੁਮਾਰ ਵੇਰਕਾ, ਇੰਦਰਬੀਰ ਬੁਲਾਰੀਆ, ਸੁਖਵਿੰਦਰ ਸਿੰਘ ਡੈਣੀ, ਸੁਰਜੀਤ ਧੀਮਾਨ, ਅਜਾਇਬ ਸਿੰਘ ਭੱਟੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਅੰਗਦ ਸਿੰਘ, ਸੁਖਪਾਲ ਭੁੱਲਰ ਆਦਿ ਸ਼ਾਮਲ ਹਨ।



