JalandharPunjabRoad safety

ਪੰਜਾਬ ਦੀਆਂ ਸੜਕਾਂ ਨੂੰ ਦੁਰਘਟਨਾ ਮੁਕਤ ਬਣਾਉਣ ਦੇ ਉਦੇਸ਼ ਨਾਲ ਰਾਜਾ ਵੜਿੰਗ ਵੱਲੋਂ ਬੱਚਿਆਂ ਵਿੱਚ ਟ੍ਰੈਫਿਕ ਜਾਗਰੂਕਤਾ ਫੈਲਾਉਣ ਲਈ ਰਾਜ ਵਿਆਪੀ ਮੁਹਿੰਮ ‘ਨੋ ਚਲਾਨ ਡੇ’ ਦੀ ਕੀਤੀ ਸ਼ੁਰੂਆਤ

ਬਾਲ ਦਿਵਸ 'ਤੇ ਨਾਗਰਿਕਾਂ ਨੂੰ ਕੀਮਤੀ ਜਾਨਾਂ ਨੂੰ ਬਚਾਉਣ ਲਈ 'ਸੜਕ ਸੁਰੱਖਿਆ ਮੇਰਾ ਫਰਜ਼' ਪ੍ਰਣ ਲੈਣ ਦੀ ਕੀਤੀ ਅਪੀਲ

ਕਿਹਾ, ਸੜਕ ‘ਤੇ ਜਾਣ ਵਾਲੀ ਹਰੇਕ ਜਾਨ ਰਾਸ਼ਟਰ ਦਾ ਨੁਕਸਾਨ, ਲੋਕਾਂ ਨੂੰ ਸੜਕ ਸੁਰੱਖਿਆ ਵਿੱਚ ਸਰਗਰਮ ਭਾਗੀਦਾਰ ਬਣਨ ਦੀ ਕੀਤੀ ਅਪੀਲ
ਪੰਜਾਬ ਵਿੱਚ ਸੜਕੀ ਮੌਤਾਂ ਦੀ ਔਸਤ ਉੱਚ ਦਰ ‘ਤੇ ਪ੍ਰਗਟਾਈ ਚਿੰਤਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੜਕ ਸੁਰੱਖਿਆ ਪ੍ਰੋਟੋਕੋਲਜ਼ ਨੂੰ ਮਿਸ਼ਨ ਮੋਡ ‘ਤੇ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੀ ਫੌਰੀ ਲੋੜ ‘ਤੇ ਜ਼ੋਰ ਦਿੰਦਿਆਂ ਐਤਵਾਰ ਨੂੰ ਕਿਹਾ ਕਿ ਹਾਦਸਿਆਂ ਵਿੱਚ ਜਾਣ ਵਾਲੀ ਹਰੇਕ ਜਾਨ ਪੂਰੇ ਰਾਸ਼ਟਰ ਦਾ ਨੁਕਸਾਨ ਹੈ।

ਵੜਿੰਗ ਨੇ ਨਾਗਰਿਕਾਂ ਨੂੰ ਆਪਣੇ ਰੋਜ਼ਾਨਾ ਦੇ ਵਿਵਹਾਰ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਅਪਣਾਉਣ ਦੀ ਭਾਵਨਾਤਮਕ ਅਪੀਲ ਕਰਦਿਆਂ ਕਿਹਾ ਕਿ ਆਓ, ਅੱਜ ਬਾਲ ਦਿਵਸ ‘ਤੇ ਅਸੀਂ ਸਾਰੇ ਆਪਣੇ ਸੂਬੇ ਨੂੰ ਆਪਣੇ ਬੱਚਿਆਂ ਲਈ ਸਭ ਤੋਂ ਸੁਰੱਖਿਅਤ ਬਣਾਉਣ ਦਾ ਪ੍ਰਣ ਕਰੀਏ ਅਤੇ ਇਸ ਦੀ ਸ਼ੁਰੂਆਤ ਸੜਕਾਂ ਤੋਂ ਕਰੀਏ।

ਬਾਲ ਦਿਵਸ ਮੌਕੇ ਸਵੇਰੇ ਇੱਥੋਂ ਰਾਜ ਵਿਆਪੀ ਸੜਕ ਸੁਰੱਖਿਆ ਮੁਹਿੰਮ ‘ਨੋ-ਚਲਾਨ ਡੇ’ ਦੀ ਸ਼ੁਰੂਆਤ ਕਰਦਿਆਂ ਵੜਿੰਗ ਨੇ ਸੂਬੇ ਵਿੱਚ ਸੜਕੀ ਮੌਤਾਂ ਦੀ ਔਸਤ ਉੱਚ ਦਰ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਵਿਭਾਗ ਨੂੰ ਹਦਾਇਤ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲੀ ਖੇਤਰਾਂ ਦੇ ਅੰਦਰ ਘੱਟ ਅਤੇ ਸੁਰੱਖਿਅਤ ਗਤੀ ਸੀਮਾ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਹਾਦਸਿਆਂ ਤੋਂ ਬਚਣ ਅਤੇ ਕੀਮਤੀ ਜਾਨਾਂ ਨੂੰ ਬਚਾਉਣ ਦੇ ਮਿਸ਼ਨ ਵਿੱਚ ਜਿੱਤ ਪ੍ਰਾਪਤ ਕਰਨ ਲਈ, ਅੱਜ ਇੱਕ ਠੋਸ ਪਹੁੰਚ, ਜਿਸ ਵਿੱਚ ਹਰੇਕ ਵੱਲੋਂ ਇੱਕ ਸਰਗਰਮ ਭਾਗੀਦਾਰ ਵਜੋਂ ਭੁਮਿਕਾ ਨਿਭਾਈ ਜਾਂਦੀ ਹੈ, ਦੀ ਲੋੜ ਹੈ।
ਇਥੇ ਬੀਐਮਸੀ ਚੌਕ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸੜਕ ਸੁਰੱਖਿਆ ਦੀ ਸਹੁੰ ਚੁਕਾਉਂਦੇ ਹੋਏ ਮੰਤਰੀ ਨੇ ਜਿਥੇ ਉਨ੍ਹਾਂ ਨੂੰ ਆਵਾਜਾਈ ਦੇ ਨਿਯਮਾਂ ਦਾ ਪਾਲਣਾ ਕਰਨ ਦੀ ਅਪੀਲ ਕੀਤੀ ਉਥੇ ਪਹਿਨਣ ਲਈ ਉਨ੍ਹਾਂ ਨੂੰ ਨਵੇਂ ਹੈਲਮੈਟ ਵੀ ਦਿੱਤੇ। ਇਸ ਦੇ ਨਾਲ ਹੀ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਬੈਜ ਵੀ ਲਗਾਏ ਗਏ।

ਵੜਿੰਗ ਨੇ ਕਿਹਾ ਕਿ ਪੰਜਾਬ ਸੜਕ ਹਾਦਸਿਆਂ ਵਿੱਚ ਰੋਜ਼ਾਨਾ 10-12 ਕੀਮਤੀ ਜਾਨਾਂ ਗਵਾ ਰਿਹਾ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਲਈ ਸੁਰੱਖਿਅਤ ਸੜਕੀ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਹੁਣੇ ਕਾਰਵਾਈ ਨਾ ਕੀਤੀ ਤਾਂ ਇਹ ਬਹੁਤ ਹੀ ਅਫਸੋਸਨਾਕ ਹੋਵੇਗਾ, ਜਿਸ ਦੀ ਸਮੂਹਿਕ ਜ਼ਿੰਮੇਵਾਰੀ ਸਾਡੀ ਸਭ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਤੁਹਾਡੇ ਅਤੇ ਮੇਰੇ ਤੋਂ ਸਾਡੇ ਘਰਾਂ ਤੋਂ ਅਤੇ ਸਾਡੇ ਸਕੂਲਾਂ ਤੋਂ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਪ੍ਰਮੁੱਖ ਜ਼ਰੂਰਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਸਤਿਕਾਰ ਪੈਦਾ ਕਰਨ ਦੀ ਹੈ।

ਵੜਿੰਗ ਵੱਲੋਂ ਸਤੰਬਰ ਦੇ ਆਖ਼ਰੀ ਹਫ਼ਤੇ ਵਿਭਾਗ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਫੀਲਡ ਵਿੱਚ ਆਰਟੀਏਜ਼ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਤੋਂ ਇਲਾਵਾ ਸੂਬੇ ਦੇ ਟਰਾਂਸਪੋਰਟ ਅਦਾਰਿਆਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀ ਕੁਸ਼ਲਤਾ ਨੂੰ ਹੋਰ ਵਧਾਉਣ ਲਈ ਸਰਗਰਮੀ ਨਾਲ ਕਦਮ ਚੁੱਕੇ ਜਾ ਰਹੇ ਹਨ।
ਅੱਜ ਪੰਜਾਬ ਭਰ ਵਿੱਚ 100 ਥਾਵਾਂ ‘ਤੇ ਸ਼ੁਰੂ ਕੀਤੀ ਗਈ ਇਹ ਨਿਵੇਕਲੀ ਪਹਿਲ ਲੰਮੇ ਸਮੇਂ ਤੱਕ ਚਲਾਈ ਜਾਣ ਵਾਲੀ ਸੜਕ ਸੁਰੱਖਿਆ ਮੁਹਿੰਮ ਦਾ ਇੱਕ ਹਿੱਸਾ ਹੈ ਅਤੇ ਇਸ ਦਾ ਉਦੇਸ਼ ਮਿਸ਼ਨ ਨੂੰ ਇੱਕ ਜਨ ਅੰਦੋਲਨ ਬਣਾ ਕੇ ਯਾਤਰੀਆਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਮੰਤਰੀ ਨੇ ਕਿਹਾ ਕਿ ਸਾਡੇ ਵੱਲੋਂ ਮਹੀਨੇ ਵਿੱਚ 2 ਵਾਰ ਇਸ ਪਹਿਲਕਦਮੀ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਆਪਣੇ ਸੜਕ ਉਪਯੋਗਕਰਤਾਵਾਂ ਖਾਸ ਤੌਰ ‘ਤੇ ਸਾਡੇ ਨੌਜਵਾਨਾਂ ਵਿੱਚ ਨਿਯਮਤਤਾ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਵਿੱਚ ਪਿੱਛੇ ਨਾ ਰਹਿ ਜਾਈਏ।
ਵੱਧ ਤੋਂ ਵੱਧ ਟ੍ਰੈਫਿਕ ਸਾਖ਼ਰਤਾ ਪ੍ਰਾਪਤ ਕਰਨ ਲਈ ਵਿਭਾਗ ਵੱਲੋਂ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਵੜਿੰਗ ਨੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸੇ ਜੋਸ਼ ਅਤੇ ਉਤਸ਼ਾਹ ਨਾਲ ਕੰਮ ਨੂੰ ਜਾਰੀ ਰੱਖਣ ਲਈ ਕਿਹਾ।
ਪੁਲਿਸ ਵਿਭਾਗ, ਪੰਜਾਬ ਯੂਥ ਕਾਂਗਰਸ, ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨਐਸਯੂਆਈ) ਪੰਜਾਬ ਅਤੇ ਮਹਿਲਾ ਕਾਂਗਰਸ ਤੋਂ ਇਲਾਵਾ ਸਿਵਲ ਸੁਸਾਇਟੀ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸਰਗਰਮ ਸਹਿਯੋਗ ਨਾਲ ਯਾਤਰੀਆਂ ਵਿੱਚ ਆਵਾਜਾਈ ਅਤੇ ਸੜਕ ਜਾਗਰੂਕਤਾ ਦੇ ਪ੍ਰਸਾਰ ਲਈ ਸਰਗਰਮ ਭਾਗੀਦਾਰੀ ਵਾਸਤੇ ਸੂਬੇ ਭਰ ਵਿੱਚ 100 ਸਥਾਨਾਂ ‘ਤੇ ਇਸ ਅਭਿਆਨ ਨੂੰ ਇਕੋ ਸਮੇਂ ਆਯੋਜਿਤ ਕੀਤਾ ਗਿਆ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਚਲਾਨ ਜਾਰੀ ਕਰਨ ਦੀ ਬਜਾਏ ਉਨ੍ਹਾਂ ਨੂੰ ਆਪਣੀ ਅਤੇ ਸੜਕ ‘ਤੇ ਸਫ਼ਰ ਕਰਨ ਵਾਲੇ ਦੂਜੇ ਲੋਕਾਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਸਹੁੰ ਚੁਕਾਈ ਗਈ।
ਇਥੇ ਪਹੁੰਚਣ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਵੱਲੋਂ ਸੂਬੇ ਭਰ ਦੇ ਸਾਰੇ ਬੱਸ ਸਟੈਂਡਾਂ ‘ਤੇ ਸੁਰੱਖਿਆ ਅਤੇ ਸੈਨੀਟੇਸ਼ਨ ਪ੍ਰੋਟੋਕੋਲ ਨੂੰ ਬਿਹਤਰ ਬਣਾਉਣ ਅਤੇ ਇਸ ਨੂੰ ਕਾਇਮ ਰੱਖਣ ਲਈ ਵਿਭਾਗ ਦੀ ਪੰਦਰਵਾੜਾ ਮੁਹਿੰਮ ਦੇ ਹਿੱਸੇ ਵਜੋਂ ਮੋਗਾ ਬੱਸ ਸਟੈਂਡ ਦਾ ਨਿਰੀਖਣ ਕੀਤਾ ਗਿਆ।
ਇਸ ਮੌਕੇ ਜੁਆਇੰਟ ਕਮਿਸ਼ਨਰ ਪੁਲਿਸ ਸੰਦੀਪ ਕੁਮਾਰ ਮਲਿਕ, ਸਕੱਤਰ ਆਰਟੀਏ ਜਲੰਧਰ ਅਮਿਤ ਮਹਾਜਨ, ਏਡੀਸੀਪੀ ਟ੍ਰੈਫਿਕ ਮਨਜੀਤ ਕੌਰ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਅਤੇ ਹੋਰ ਮੌਜੂਦ ਸਨ।

 

 

 

.

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!