
ਪੰਜਾਬ ਸਰਕਾਰ ‘ਚ ਹੋਣਗੇ ਸਿੱਧੂ ਐਡਜਸਟ
ਕਾਂਗਰਸ ਦਾ ਕਾਟੋ-ਕਲੇਸ਼
________________________
ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ
ਚੰਡੀਗੜ੍ਹ/ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਨੂੰ ਖਤਮ ਕਰਨ ਲਈ ਪਾਰਟੀ ਹਾਈ ਕਮਾਨ ਸਰਕਾਰ ਵਿਚ ਐਡਜਸਟਮੈਂਟ ਤੇ ਪਾਰਟੀ ਵਿਚ ਸੋਸ਼ਲ ਇੰਜੀਨੀਅਰਿੰਗ ਦਾ ਫਾਰਮੂਲਾ ਅਪਣਾਏਗੀ। ਉੱਧਰ ਪਾਰਟੀ ਹਾਈ ਕਮਾਨ ਵੱਲੋਂ ਬਣਾਈ ਗਈ ਕਮੇਟੀ ਮੰਗਲਵਾਰ ਤੱਕ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪ ਦੇਵੇਗੀ।
2022 ਦੀਆਂ ਚੋਣਾਂ ਨੇਡ਼ੇ ਹੋਣ ਕਾਰਨ ਕਾਂਗਰਸ ਪਾਰਟੀ ਕੋਲ ਬੱਦਲ ਕਾਫ਼ੀ ਸੀਮਤ ਸਨ। ਅਜਿਹੇ ਪਾਰਟੀ ਸੋਸ਼ਲ ਇੰਜੀਨੀਅਰਿੰਗ ਤੇ ਐਡਜਸਟਮੈਂਟ ਪਾਲਿਸੀ ਨੂੰ ਅਪਣਾ ਕੇ ਪਾਰਟੀ ਦੇਅੰਦਰੂਨੀ ਕਲੇਸ਼ ਨੂੰ ਖਤਮ ਕਰਨ ਜਾ ਰਹੀ ਹੈ ਜਿਸ ਅਨੁਸਾਰ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।
ਉੱਧਰ ਪਾਰਟੀ ਦੇ ਕੁਝ ਦਲਿਤ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਕੀਤੀ ਜਾਵੇਗੀ। ਉਨ੍ਹਾਂ ਨੂੰ ਕੁਝ ਮਹੱਤਵਪੂਰਨ ਵਿਭਾਗ ਦਿੱਤੇ ਜਾਣਗੇ ਜਿਸ ਨਾਲ ਦਲਿਤ ਭਾਈਚਾਰੇ ‘ਚ ਇਹ ਸੰਦੇਸ਼ ਜਾਵੇ ਕਿ ਪਾਰਟੀ ਦਲਿਤਾਂ ਦਾ ਪੂਰਾ ਖਿਆਲ ਰੱਖਦੀ ਹੈ, ਕਿਉਂਕਿ ਭਾਜਪਾ ਨੇ ਦਲਿਤ ਨੂੰ ਮੁੱਖ ਮੰਤਰੀ ਤੇ ਅਕਾਲੀ ਦਲ ਨੇ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਪਾਸਾ ਸੁੱਟਿਆ ਹੈ।
____________________________________
🔶 2 ਕਾਰਜਕਾਰੀ ਪ੍ਰਧਾਨ ਵੀ ਲਾਏ ਜਾਣ ਦੀ ਤਿਆਰੀ
🔶 ਕਮੇਟੀ ਮੰਗਲਵਾਰ ਤਕ ਸੌਂਪ ਸਕਦੀ ਹੈ ਸੋਨੀਆ ਗਾਂਧੀ
ਨੂੰ ਰਿਪੋਰਟ
____________________________________
ਪਾਰਟੀ ਸੁਨੀਲ ਜਾਖੜ ਤੋਂ ਪ੍ਰਧਾਨਗੀ ਵਾਪਸ ਨਹੀਂ ਲਵੇਗੀ ਅਲਬੱਤਾ ਉਨ੍ਹਾਂ ਨਾਲ ਦੋ ਕਾਰਜਕਾਰੀ ਪ੍ਰਧਾਨ ਜ਼ਰੂਰ ਲਾ ਦੇਵੇਗੀ ਜਿਸ ਚੋਂ ਇਕ ਦਲਿਤ ਭਾਈਚਾਰੇ ਨਾਲ ਸਬੰਧਿਤ ਹੋਵੇਗਾ। ਇਸ ਦੌੜ ‘ਚ ਰਾਜ ਕੁਮਾਰ ਵੇਰਕਾ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ। ਉਧਰ ਦੂਜਾ ਕਾਰਜਕਾਰੀ ਪ੍ਰਧਾਨ ਕੋਈ ਹਿੰਦੂ ਚਿਹਰਾ ਹੋ ਸਕਦਾ ਹੈ। ਕਿਉਂਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਕੁਰਸੀ ਤੇ ਜੱਟ ਚਿਹਰਾ ਹੋਵੇਗਾ ਇਸ ਲਈ ਹਿੰਦੂ ਚਿਹਰੇ ਦੀ ਤਜਵੀਜ਼ ਦਿੱਤੀ ਜਾਵੇਗੀ। ਕਾਂਗਰਸ ਦੇ ਕਲੇਸ਼ ਦਾ ਸਭ ਤੋਂ ਵੱਡਾ ਲਾਭ ਨਵਜੋਤ ਸਿੰਘ ਸਿੱਧੂ ਨੂੰ ਮਿਲੇਗਾ। ਪਾਰਟੀ ਸਿੱਧੂ ਨੂੰ ਪਾਰਟੀ ‘ਚ ਤਾਂ ਨਹੀਂ ਪਰ ਸਰਕਾਰ ‘ਚ ਡਿਪਟੀ ਮੁੱਖ ਮੰਤਰੀ ਦੇ ਰੂਪ ‘ਚ ਐਡਜਸਟ ਕਰ ਕੇ ਕਲੇਸ਼ ਖ਼ਤਮ ਕਰ ਸਕਦੀ ਹੈ। ਕੈਬਨਿਟ ‘ਚ ਦਲਿਤ ਕੋਟੇ ਦੇ ਤਿੰਨ ਮੰਤਰੀ ਹਨ। ਜਿਨ੍ਹਾਂ ਚੋਂ ਚਰਨਜੀਤ ਸਿੰਘ ਚੰਨੀ ਨੂੰ ਕੋਈ ਮਹੱਤਵਪੂਰਨ ਵਿਭਾਗ ਦਿੱਤਾ ਜਾ ਸਕਦਾ ਹੈ।



