
ਪੰਜਾਬ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਕੈਂਟ ਦੇ ਟਕਸਾਲੀ ਆਗੂਆਂ ਨੂੰ ਕੀਤਾ ਨਜ਼ਰਅੰਦਾਜ਼, ਬਿਨਾ ਰਾਜਨੀਤਕ ਅਨੁਭਵ ਵਾਲੇ ਵਿਅਕਤੀ ਨੂੰ ਬਣਾਇਆ ਸਰਕਲ ਪ੍ਰਧਾਨ
ਅਕਾਲੀ ਦਲ ਨਾਲ ਦੂਰ ਦਾ ਵਾਸਤਾ ਵੀ ਨਹੀਂ
ਆਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ–ਟਕਸਾਲੀ ਆਗੂ
ਜਲੰਧਰ ਕੈਂਟ (ਅਮਰਜੀਤ ਸਿੰਘ ਲਵਲਾ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਿਥੇ ਸੂਬੇ ਅੰਦਰ ਪੰਜਾਬ ਪੱਧਰ, ਜਿਲ੍ਹਾ ਪੱਧਰ ‘ਤੇ ਸਰਕਲ ਪੱਧਰ ਤੇ ਮਿਹਨਤੀ, ਇਮਾਨਦਾਰ ਅਤੇ ਜੁਝਾਰੂ ਆਗੂਆਂ ‘ਤੇ ਵਰਕਰਾਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਸਰਕਲ ਜਲੰਧਰ ਕੈਂਟ ਦੇ ਸੀਨੀਅਰ ‘ਤੇ ਟਕਸਾਲੀ ਆਗੂਆਂ ਅਤੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜਿਸਦੇ ਚਲਦਿਆਂ ਅੱਜ ਉਸ ਵਿਅਕਤੀ ਨੂੰ ਸਰਕਲ ਕੈਂਟ ਦਾ ਪ੍ਰਧਾਨ ਬਣਾ ਦਿੱਤਾ, ਜਿਸਦਾ ਅਕਾਲੀ ਦਲ ਨਾਲ ਦੂਰ ਦਾ ਵਾਸਤਾ ਵੀ ਨਹੀਂ ‘ਤੇ ਨਾ ਹੀ ਉਹ ਕਦੇ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਿਆ ‘ਤੇ ਨਾ ਹੀ ਉਸਨੂੰ ਰਾਜਨੀਤੀ ਬਾਰੇ ਕੋਈ ਅਨੁਭਵ ਹੈ।
ਐਸਾ ਇਸ ਲਈ ਹੋ ਰਿਹਾ ਹੈ, ਕਿ ਜਾਂ ਤਾਂ ਪਾਰਟੀ ਸੁਪਰੀਮੋ ‘ਤੇ ਹਲਕਾ ਇੰਚਾਰਜਾਂ ਕੋਲ ਇਲਾਕੇ ਦੇ ਸੀਨੀਅਰ ‘ਤੇ ਟਕਸਾਲੀ ਆਗੂਆਂ ‘ਤੇ ਵਰਕਰਾਂ ਬਾਰੇ ਸਹੀ ਜਾਣਕਾਰੀ ਨਹੀਂ ਪਹੁੰਚ ਰਹੀ, ਜਾਂ ਫਿਰ ਉਹਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਕੈਂਟ ਸਰਕਲ ਤੋਂ ਬਣਾਏ ਗਏ ਇਸ ਪ੍ਰਧਾਨ ਨੂੰ ਰਾਜਨੀਤੀ ਬਾਰੇ ਕੁਝ ਵੀ ਪਤਾ ਨਹੀਂ ‘ਤੇ ਨਾ ਹੀ ਕਦੇ ਉਸਨੇ ਅਕਾਲੀ ਦਲ ਲਈ ਕੋਈ ਕੰਮ ਕੀਤਾ ਹੈ। ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਆਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ।
ਇਸ ਸਬੰਧੀ ਕੈਂਟ ਦੇ ਇੱਕ ਸੀਨੀਅਰ ਟਕਸਾਲੀ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿੱਚ ਕਿਹਾ, ਕਿ ਉਹ ਤਕਰੀਬਨ 10-11 ਸਾਲਾਂ ਤੋਂ ਅਕਾਲੀ ਦਲ ਦੀ ਸੇਵਾ ਕਰ ਰਹੇ ਹਨ। ‘ਤੇ ਅਕਾਲੀ ਦਲ ਦੀਆਂ ਲੋਕਸਭਾ ‘ਤੇ ਵਿਧਾਨਸਭਾ ਚੋਣਾਂ ਦੌਰਾਨ ਉਹਨਾਂ ਨੇ ਬੂਥ ਪੱਧਰ ਤੇ ਡੱਟ ਕੇ ਕੰਮ ਕੀਤਾ। ਪਰ ਬੜੀ ਮੰਦਭਾਗੀ ਗੱਲ ਹੈ। ਇਸ ਬਾਰੇ ਸਾਡੀ ਵੀ ਕੋਈ ਰਾਏ ਨਹੀਂ ਲਈ ਗਈ। ਉਹਨਾਂ ਕਿਹਾ ਕਿ ਉਹ ਜਲਦ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੈਂਟ ਅਕਾਲੀ ਦਲ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਣਗੇ, ਤਾਂ ਜੋ ਆਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਇਸਦਾ ਕੋਈ ਨੁਕਸਾਨ ਨਾ ਹੋਵੇ। ਗੌਰਤਲਬ ਹੈ, ਕਿ ਇਹ ਅਕਾਲੀ ਆਗੂ ਸ਼ੁਰੂ ਤੋਂ ਹੀ ਕੱਟੜ ਕਾਂਗਰਸੀ ਸੀ, ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸਵਰਗਵਾਸੀ ਬੇਅੰਤ ਸਿੰਘ ਦੇ ਨਜ਼ਦੀਕੀਆਂ ਵਿੱਚੋਂ ਸੀ, ਜੋਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ ਸੀ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਮਾਂਦਰੂ ਟਕਸਾਲੀ ਪਰਿਵਾਰ ਦੇ ਇੱਕ ਜੁਝਾਰੂ ਵਰਕਰ ਨੇ ਵੀ ਕਿਹਾ, ਕਿ ਉਹ ਯੂਥ ਅਕਾਲੀ ਦੇ ਵੀ ਸਰਗਰਮ ਵਰਕਰ ਰਹੇ ਹਨ। ਅਤੇ ਹੁਣ ਤੱਕ ਉਹਨਾਂ ਨੇ ਹਰ ਲੋਕਸਭਾ ‘ਤੇ ਵਿਧਾਨਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਡੱਟ ਕੇ ਹਿਮਾਇਤ ਕੀਤੀ। ‘ਤੇ ਬੂਥ ਪੱਧਰ ਤੇ ਬੜੀ ਇਮਾਨਦਾਰੀ ਨਾਲ ਕੰਮ ਕਰਕੇ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਨਿਭਾਈ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ। ਕਿ ਪਾਰਟੀ ਦੇ ਅਹੁਦੇਦਾਰਾਂ ਨੇ ਇਸ ਵਿੱਚ ਸਾਡੀ ਸਲਾਹ ਲੈਣੀ ਵੀ ਮੁਨਾਸਿਬ ਨਹੀਂ ਸਮਝੀ।
ਇਕ ਸੀਨੀਅਰ ਟਕਸਾਲੀ ਹਿੰਦੂ ਆਗੂ ਜੋਕਿ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਦੇ ਨੌਜਵਾਨਾਂ ਪ੍ਰਤੀ ਸੋਚ ਨੂੰ ਵੇਖਦੇ ਹੋਏ ਕਾਂਗਰਸ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ ਸੀ, ਨੇ ਕਿਹਾ ਕਿ ਜਗਬੀਰ ਸਿੰਘ ਬਰਾੜ ਜਦੋਂ ਅਕਾਲੀ ਦਲ ਵਲੋਂ ਕੈਂਟ ਵਿਧਾਨਸਭਾ ਦੀ ਚੋਣ ਲੜੇ ਸਨ, ਉਹ ਉਦੋਂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਵਰਕਰ ਹਨ, ‘ਤੇ ਉਹਨਾਂ ਨੇ ਹਰ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰੀ ਇਮਾਨਦਾਰੀ ‘ਤੇ ਤਨਦੇਹੀ ਨਾਲ ਕੰਮ ਕੀਤਾ ਹੈ।
ਪਰ ਬੜੇ ਦੁੱਖ ਦੀ ਗੱਲ ਹੈ। ਕਿ ਪਾਰਟੀ ਅਹੁਦੇਦਾਰਾਂ ਨੇ ਅਜਿਹਾ ਫੈਸਲਾ ਲੈਣ ਲੱਗਿਆਂ ਸਾਡੇ ਕੋਲੋਂ ਪੁੱਛਣ ਦੀ ਜਰੂਰਤ ਵੀ ਨਹੀਂ ਸਮਝੀ। ਇਹਨਾਂ ਆਗੂਆਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਸਨ, ‘ਤੇ ਸਦਾ ਰਹਿਣਗੇ ਪਰ ਜੇਕਰ ਪਾਰਟੀ ਵਿੱਚ ਇਸੇ ਤਰਾਂ ਹੀ ਚਲਣਾ ਹੈ। ਤਾਂ ਉਹ ਆਪਣੇ ਆਪਣੇ ਘਰਾਂ ਵਿੱਚ ਹੀ ਬੈਠਣਾ ਬੇਹਤਰ ਸਮਝਦੇ ਹਨ। ਇਥੇ ਦੱਸਣਾ ਜਰੂਰੀ ਹੈ, ਕਿ ਸ਼੍ਰੋਮਣੀ ਅਕਾਲੀ ਦਲ ਸਰਕਲ ਜਲੰਧਰ ਕੈਂਟ ਦੀ ਪ੍ਰਧਾਨਗੀ ਨੂੰ ਲੈ ਕੇ ਵਿਰੋਧੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ‘ਤੇ ਕੈਂਟ ਦੇ ਟਕਸਾਲੀ ਆਗੂਆਂ ਵਿੱਚ ਇਸਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ।



