
ਆਮ ਆਦਮੀ ਪਾਰਟੀ ਦੇ ਆਗੂ ਸ਼ੀਤਲ ਅੰਗੁਰਾਲ ਨੇ ਪ੍ਰਸ਼ਾਸਨ ‘ਤੇ ਲਾਏ ਲਾਪ੍ਰਵਾਹੀ ਦੇ ਦੋਸ਼
ਜਲੰਧਰ (ਅਮਰਜੀਤ ਸਿੰਘ ਲਵਲਾ)
120 ਫੁੱਟ ਰੋਡ ‘ਤੇ ਬਸਤੀ ਗੁੱਜ਼ਾ ‘ਚ ਬਰਸਾਤੀ ਪਾਣੀ ‘ਚ ਇਕ ਵਿਅਕਤੀ ਦੀ ਲਾਸ਼ ਤੈਰਦੀ ਹੋਣ ਦੀ ਸੂਚਨਾ ਮਿਲਣ ਨਾਲ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਕਿਸੇ ਰਾਹਗੀਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ,
ਸੂਚਨਾ ਮਿਲਦੇ ਹੀ ਥਾਣਾ 5 ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਪਡ਼ਤਾਲ ਕੀਤੀ ਤਾਂ ਮਰਨ ਵਾਲੇ ਦੇ ਸਿਰ ਤੇ ਸੱਟ ਲੱਗੀ ਹੋਈ ਸੀ। ਜਿਸ ਕਾਰਨ ਖਦਸ਼ਾ ਕੀਤਾ ਜਾ ਰਿਹਾ ਹੈ, ਇਸ ਦੀ ਹੱਤਿਆ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ 120 ਫੁੱਟੀ ਰੋਡ ਬਸਤੀ ਗੁੱਜ਼ਾ ਆਰੀਆ ਸਕੂਲ ਨੇੜੇ ਬਰਸਾਤ ਦੇ ਪਾਣੀ ‘ਚ ਇਕ ਵਿਅਕਤੀ ਦੀ ਲਾਸ਼ ਤੈਰ ਰਹੀ ਸੀ, ਜਿਸ ਦੀ ਸੂਚਨਾ ਮਿਲਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲਾਸ਼ ਦੀ ਸੂਚਨਾ ਮਿਲਦੇ ਹੀ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੀਤਲ ਅੰਗੁਰਾਲ ਵੀ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਘਟਨਾ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਸ਼ੀਤਲ ਅੰਗੂਰਾਲ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਦੀ ਢਿੱਲਮੱਠ ਕਾਰਨ ਇੱਕ ਨੌਜਵਾਨ ਬਰਸਾਤੀ ਪਾਣੀ ਦੀ ਲਪੇਟ ਵਿੱਚ ਆ ਗਿਆ, ਜੇਕਰ ਨਗਰ ਨਿਗਮ ਨੇ ਸੜਕ ਦੀ ਸਫਾਈ ਕਰਵਾਈ ਹੁੰਦੀ ਤਾਂ ਇਸ ਨੌਜਵਾਨ ਦੀ ਜਾਨ ਨਾ ਜਾਂਦੀ।
ਮੌਕੇ ‘ਤੇ ਪਹੁੰਚੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੌਜਵਾਨ ਦੀ ਲਾਸ਼ ਆਰੀਆ ਸਕੂਲ ਦੇ ਕੋਲ ਪਈ ਹੈ, ਪੁਲਿਸ ਨੇ ਨੌਜਵਾਨ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਪਹਿਚਾਣ ਨਹੀਂ ਹੋ ਸਕੀ। ਲਾਸ਼ ਨੂੰ 72 ਘੰਟਿਆਂ ਤੱਕ ਸ਼ਨਾਖਤ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਏਐੱਸਆਈ ਬਲਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਦੀ ਹੱਤਿਆ ਹੋਈ ਜਾਂ ਕਿਸੇ ਹੋਰ ਕਾਰਨ ਕਰਕੇ ਮਰਿਆ ਹੈ, ਇਸਦੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕਦੀ ਹੈ।



