
*ਜਨਰਲ ਅਬਜ਼ਰਵਰਾਂ, ਜ਼ਿਲ੍ਹਾ ਚੋਣ ਅਫ਼ਸਰ ‘ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ‘ਚ ਨੇਪਰੇ ਚਾੜ੍ਹੀ ਗਈ ਪ੍ਰਕਿਰਿਆ*
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਉਮੀਦਵਾਰਾਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਮੌਜੂਦਗੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਤਦਾਨ ਦੌਰਾਨ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਅਤੇ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲਜ਼ (ਵੀਵੀਪੈਟ) ਦੀ ਦੂਜੀ ਰੈਂਡੇਮਾਈਜ਼ੇਸ਼ਨ ਕੀਤੀ ਗਈ।
ਜਨਰਲ ਅਬਜ਼ਰਵਰ ਮਨੋਜ ਕੁਮਾਰ, ਡਾ. ਸਰੋਜ ਕੁਮਾਰ, ਭੁਪੇਂਦਰਾਂ ਐਸ ਚੌਧਰੀ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਦੀ ਨਿਗਰਾਨੀ ਹੇਠ ਇਸ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 1975 ਪੋਲਿੰਗ ਸਟੇਸ਼ਨ ਬਣਾਏ ਹਨ। ਇਨ੍ਹਾਂ ਲਈ ਕੁੱਲ 2374 ਬੈਲੇਟ ਯੂਨਿਟਾਂ ਅਤੇ 2374 ਕੰਟਰੋਲ ਯੂਨਿਟਾਂ ਅਤੇ 2571 ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲਜ਼ (ਵੀਵੀਪੈਟਸ) ਦੀ ਬੂਥਵਾਰ ਵੰਡ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਿਕਸਤ ਕੀਤੇ ਗਏ ਸਾਫਟਵੇਅਰ ਦੀ ਮਦਦ ਨਾਲ ਮੁਕੰਮਲ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਈਵੀਐਮਜ਼ ਅਤੇ ਵੀਵੀਪੈਟਸ ਦੀ ਦੂਜੇ ਪੜਾਅ ਦੀ ਰੈਂਡੇਮਾਈਜ਼ੇਸ਼ਨ ਦਾ ਮੰਤਵ ਇਨ੍ਹਾਂ ਮਸ਼ੀਨਾਂ ਦੀ ਬੂਥਵਾਰ ਵੰਡ ਕਰਨਾ ਸੀ। ਉਨ੍ਹਾਂ ਦੱਸਿਆ ਕਿ ਬੈਲੇਟ ਅਤੇ ਕੰਟਰੋਲ ਯੂਨਿਟਸ 20-20 ਫ਼ੀਸਦੀ ਅਤੇ ਵੀਵੀਪੈਟਸ 30 ਫੀਸਦੀ ਰਾਖਵੇਂ ਰੱਖੇ ਗਏ ਹਨ, ਜੋ ਕਿ ਵੋਟਿੰਗ ਮਸ਼ੀਨ, ਵੀਵੀਪੈਟ ਦੀ ਖ਼ਰਾਬੀ ਦੀ ਸਥਿਤੀ ਵਿੱਚ ਵਰਤੇ ਜਾ ਸਕਣਗੇ।
ਉਨ੍ਹਾਂ ਦੱਸਿਆ ਕਿ ਰੈਂਡੇਮਾਈਜ਼ੇਸ਼ਨ ਦਾ ਉਦੇਸ਼ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣਾ ਹੈ, ਜਿਸ ਵਿੱਚ ਕਿਸ ਬੂਥ ’ਤੇ ਕਿਹੜੀ ਮਸ਼ੀਨ ਜਾਵੇਗੀ, ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਣਾਲੀ ਰਾਹੀਂ ਤੈਅ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੀ ਰੈਂਡੇਮਾਈਜ਼ੇਸ਼ਨ ਤੋਂ ਬਾਅਦ ਈਵੀਐਮਜ਼ ‘ਤੇ ਵੀਵੀਪੈਟਸ ਨੂੰ ਪਹਿਲਾਂ ਹੀ ਸਬੰਧਤ ਵਿਧਾਨ ਸਭਾ ਹਲਕਿਆਂ ’ਚ ਸਥਾਪਤ ਸਟਰਾਂਗ ਰੂਮਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਿੱਥੇ ਇਨ੍ਹਾਂ ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਪ੍ਰਸ਼ਾਸਨ ਚੋਣਾਂ ਨੂੰ ਨਿਰਵਿਘਨ, ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਰੈਂਡਮਾਈਜ਼ੇਸ਼ਨ ਦੌਰਾਨ ਸਾਫ਼ਟਵੇਅਰ ਰਾਹੀਂ ਜਨਰੇਟ ਹੋਈਆਂ ਸੂਚੀਆਂ ਉਮੀਦਵਾਰਾਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਚੋਣ ਹਲਕਾ ਵਾਰ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਵੀ ਸਪਲਾਈ ਕੀਤੀਆਂ ਗਈਆਂ ਹਨ, ਜਿਨ੍ਹਾਂ ਮੁਤਾਬਕ ਸਮੂਹ ਰਿਟਰਨਿੰਗ ਅਫ਼ਸਰਾਂ ਵੱਲੋਂ ਈਵੀਐਮਜ਼ ਵੀਵੀਪੈਟਸ ਤਿਆਰ ਕੀਤੀਆਂ ਜਾਣਗੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ।



