
ਵਿਧਾਇਕ ਸੁਸ਼ੀਲ ਰਿੰਕੂ ਵੱਲੋਂ ਲੋਕਾਂ ਨੂੰ ਭਗਤ ਕਬੀਰ ਜੀ ਵੱਲੋਂ ਦਰਸਾਏ ਮਨੁੱਖਤਾ ਦੀ ਸੇਵਾ, ਸ਼ਾਂਤੀ ‘ਤੇ ਭਾਈਚਾਰੇ ਦੇ ਰਾਹ ‘ਤੇ ਚੱਲਣ ਨੂੰ ਕਿਹਾ ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ) ਭਗਤ ਕਬੀਰ ਜੀ ਵੱਲੋਂ ਮਨੁੱਖਤਾ ਦੀ ਸੇਵਾ, ਵਿਸ਼ਵ ਸ਼ਾਂਤੀ ਅਤੇ ਭਾਈਚਾਰੇ ਦਾ ਦਿੱਤਾ ਗਿਆ ਸੰਦੇਸ਼ ਅੱਜ ਵੀ ਸਾਰਥਕ ਹੈ ਅਤੇ ਸਾਨੂੰ ਭਗਤ ਕਬੀਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਉਨ੍ਹਾਂ ਵੱਲੋਂ ਦਰਸਾਏ ਰਾਹ ‘ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਵਿਧਾਇਕ ਸੁਸ਼ੀਲ ਰਿੰਕੂ ਨੇ ਭਗਤ ਕਬੀਰ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਅੱਜ ਸਤਿਗੁਰ ਕਬੀਰ ਮੁੱਖ ਮੰਦਰ ਭਾਰਗਵ ਕੈਂਪ ਤੋਂ ਸਜਾਈ ਗਈ ਸ਼ੋਭਾ ਯਾਤਰਾ ਵਿਚ ਨਤਮਸਤਕ ਹੋਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦਾ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਾਡੀ ਜ਼ਿੰਦਗੀ ਦੇ ਰਾਹਾਂ ਨੂੰ ਰੁਸ਼ਨਾ ਰਹੀਆਂ ਹਨ । ਵਿਧਾਇਕ ਨੇ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਸਾਨੂੰ ਸ਼ੁੱਧ ਵਿਚਾਰਧਾਰਾ ਦਾ ਸੰਦੇਸ਼ ਦਿੰਦੀ ਹੈ, ਜਿਸ ਤੋਂ ਸਿੱਖਿਆ ਲੈ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਤਿਗੁਰੂ ਕਬੀਰ ਜੀ ਦੀ ਬਾਣੀ ਪਿਆਰ, ਸ਼ਾਂਤੀ, ਮਨੁੱਖੀ ਏਕਤਾ, ਸੱਚ ਅਤੇ ਵਿਸ਼ਵ ਭਾਈਚਾਰੇ ਦਾ ਸੁਨੇਹਾ ਦਿੰਦੀ ਹੈ ਅਤੇ ਹਮੇਸ਼ਾ ਹੀ ਕੁੱਲ ਲੋਕਾਈ ਦਾ ਮਾਰਗ ਦਰਸ਼ਨ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਗਤ ਕਬੀਰ ਜੀ ਵੱਲੋਂ ਮਨੁੱਖਤਾ ਦੀ ਸੇਵਾ, ਸ਼ਾਂਤੀ ਅਤੇ ਭਾਈਚਾਰੇ ਦੇ ਦਿੱਤੇ ਸੰਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਅਪਨਾਉਣਾ ਚਾਹੀਦਾ ਹੈ, ਜੋ ਕਿ ਉਨ੍ਹਾਂ ਪ੍ਰਤੀ ਸਾਡਾ ਸੱਚਾ ਸਤਿਕਾਰ ਹੋਵੇਗਾ। ਜ਼ਿਕਰਯੋਗ ਹੈ ਕਿ ਸਤਿਗੁਰ ਕਬੀਰ ਮੁੱਖ ਮੰਦਰ ਵਿਖੇ ਕੁਲਦੀਪ ਭਗਤ ਦੇ ਵਿਸ਼ੇਸ਼ ਸਹਿਯੋਗ ਸਦਕਾ ਝੰਡਾ ਚੜ੍ਹਾਉਣ ਤੋਂ ਬਾਅਦ ਸ਼ੋਭਾ ਯਾਤਰਾ ਸਜਾਈ ਗਈ, ਜੋ ਕਿ ਭਾਰਗਵ ਕੈਂਪ, ਅਵਤਾਰ ਨਗਰ ਰੋਡ, ਮਾਡਲ ਹਾਊਸ ਰੋਡ ਹੁੰਦੇ ਹੋਏ ਮੁੜ ਮੰਦਰ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੇ ਬਾਬਾ, ਅਚਾਰੀਆ ਜਗਦੀਸ਼, ਕੌਂਸਲਰ ਤਰਸੇਮ ਸਿੰਘ ਲਖੋਤਰਾ, ਕੌਂਸਲਰ ਓਂਕਾਰ ਰਾਜੀਵ ਟਿੱਕਾ, ਰੁਤੇਸ਼ ਨਿਹੰਗ, ਮੰਦਰ ਕਮੇਟੀ ਦੇ ਪ੍ਰਧਾਨ ਰਾਕੇਸ਼ ਭਗਤ ਤੇ ਚੇਅਰਮੈਨ ਸਤੀਸ਼ ਬਿੱਲਾ, ਕੁਲਦੀਪ ਦੀਪੂ, ਰਾਮ ਲੁਭਾਇਆ, ਸੁਭਾਸ਼ ਭਗਤ, ਆਸ਼ੂ ਭਗਤ, ਯਸ਼ ਮੰਡਲਾ, ਵਰਿੰਦਰ ਕਾਲੀ, ਓਮ ਪ੍ਰਕਾਸ਼ ਭਗਤ, ਸ਼ੇਰ ਸਿੰਘ ਸ਼ੇਰੂ ਅਤੇ ਹੋਰ ਮੌਜੂਦ ਸਨ।



