
*ਕਿਹਾ ਵੋਟਰ ਇਸ ਐਪ ਰਾਹੀਂ ਵ੍ਹੀਲਚੇਅਰ ਅਤੇ ਹੋਰ ਸਹਾਇਤਾ ਲਈ ਕਰ ਸਕਦੇ ਨੇ ਰਜਿਸਟਰ*
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਘਨਸ਼ਿਆਮ ਥੋਰੀ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 20 ਫਰਵਰੀ, 2022 ਨੂੰ ਪੋਲਿੰਗ ਵਾਲੇ ਦਿਨ ਜ਼ਿਲ੍ਹੇ ਵਿੱਚ 11696 ਦਿਵਿਆਂਗ (ਪੀਡਬਲਯੂਡੀ) ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਵਿੱਚ ਹੁਣ ਤੱਕ ਕੁੱਲ 11696 ਪੀਡਬਲਯੂਡੀ ਵੋਟਰ ਰਜਿਸਟਰ ਕੀਤੇ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਮਤਦਾਨ ਵਾਲੇ ਦਿਨ ਸਮੁੱਚੇ 1975 ਪੋਲਿੰਗ ਬੂਥਾਂ ‘ਤੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਰਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਪੀਡਬਲਯੂਡੀ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈ, ਜਿਸ ਰਾਹੀਂ ਅਜਿਹੇ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਅਪਲਾਈ ਕਰ ਸਕਦੇ ਹਨ।
ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਚੋਣ ਮਿੱਤਰਾਂ ਦੇ ਨਾਲ-ਨਾਲ ਨੈਸ਼ਨਲ ਸਰਵਿਸ ਸਕੀਮ (ਐਨਐਸਐਸ) ਦੇ ਵਲੰਟੀਅਰ ਅਤੇ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਦੇ ਕੈਡਿਟਾਂ ਨੂੰ ਪੀਡਬਲਯੂਡੀ ਵੋਟਰਾਂ ਦੀ ਸਹਾਇਤਾ ਲਈ ਤਾਇਨਾਤ ਕੀਤਾ ਜਾ ਜਾਵੇਗਾ ਤਾਂ ਜੋ ਉਹ ਚੋਣਾਂ ਵਿੱਚ ਬਿਨਾਂ ਕਿਸੇ ਮੁਸ਼ਕਲ ਦੇ ਆਪਣੀ ਵੋਟ ਪਾ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਸਵੀਪ ਪ੍ਰੋਗਰਾਮ ਦੇ ਨੋਡਲ ਅਫ਼ਸਰ ਅਜਿਹੇ ਵੋਟਰਾਂ ਲਈ ਪੋਲਿੰਗ ਵਾਲੇ ਦਿਨ (20 ਫਰਵਰੀ) ਪਿਕ ਐਂਡ ਡਰਾਪ ਦੀ ਸਹੂਲਤ ਦੀ ਵਿਅਕਤੀਗਤ ਤੌਰ ‘ਤੇ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹੀ ਸਮੁੱਚੇ 1975 ਪੋਲਿੰਗ ਬੂਥਾਂ ‘ਤੇ ਰੈਂਪ ਤਿਆਰ ਕਰਨ, ਵ੍ਹੀਲਚੇਅਰਾਂ ਅਤੇ ਹੈਲਪਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਪ੍ਰਕਿਰਿਆ ਵਿਚ ਹੈ। ਉਨ੍ਹਾਂ ਅੱਗੇ ਕਿਹਾ ਕਿ ਮਤਦਾਨ ਵਾਲੇ ਦਿਨ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਐਨਜੀਓਜ਼ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਲਿੰਗ ਬੂਥਾਂ ‘ਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਕਰਨ ਲਈ ਪੀਡਬਲਯੂਡੀ ਵੋਟਰ ਆਪਣੇ ਮੋਬਾਈਲ ਫੋਨਾਂ ‘ਤੇ ਪੀਡਬਲਯੂਡੀ ਐਪ ਡਾਊਨਲੋਡ ਕਰਕੇ ਜਾਂ 1950 ‘ਤੇ ਕਾਲ ਕਰਕੇ ਅਪਲਾਈ ਕਰ ਸਕਦੇ ਹਨ। ਘਨਸ਼ਿਆਮ ਥੋਰੀ ਨੇ ਕਿਹਾ ਕਿ ਪ੍ਰਸ਼ਾਸਨ ਜ਼ਿਲ੍ਹੇ ਭਰ ਦੇ ਪੋਲਿੰਗ ਬੂਥਾਂ ‘ਤੇ ਪੀਡਬਲਯੂਡੀ ਵੋਟਰਾਂ ਦੀ ਸਹੂਲਤ ਲਈ ਪ੍ਰਬੰਧ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੀਡਬਲਯੂਡੀ ਵੋਟਰ ਇਸ ਐਪ ਰਾਹੀਂ ਵ੍ਹੀਲਚੇਅਰ ਅਤੇ ਹੋਰ ਲੋੜੀਂਦੀ ਸਹਾਇਤਾ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ, ਜੋ ਕਿ ਐਂਡਰਾਇਡ ਅਤੇ ਆਈਓਐਸ ਦੋਵਾਂ ਪਲੇਟਫਾਰਮਾਂ ‘ਤੇ ਉਪਲਬਧ ਹੈ।



