
ਮਹਿਤਪੁਰ ’ਚ ਪਹਿਲੇ ਪਲੇਸਮੈਂਟ ਕੈਂਪ ਨਾਲ ਜ਼ਿਲ੍ਹੇ ’ਚ ਮੈਗਾ ਰੋਜ਼ਗਾਰ ਮੇਲਿਆਂ ਦੇ 7 ਵੇਂ ਗੇੜ ਦੀ ਸ਼ੁਰੂਆਤ
10 ਕੰਪਨੀਆਂ ’ਚ 304 ਨੌਜਵਾਨਾਂ ਦੀ ਮੌਕੇ ’ਤੇ ਹੋਈ ਪਲੇਸਮੈਂਟ- ਡਿਪਟੀ ਕਮਿਸ਼ਨਰ
10 ਕੰਪਨੀਆਂ ’ਚ 304 ਨੌਜਵਾਨਾਂ ਦੀ ਮੌਕੇ ’ਤੇ ਹੋਈ ਪਲੇਸਮੈਂਟ- ਡਿਪਟੀ ਕਮਿਸ਼ਨਰ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਘਰ-ਘਰ ਰੋਜ਼ਗਾਰ’ ਮਿਸ਼ਨ ਤਹਿਤ ਅਪ੍ਰੈਲ ਮਹੀਨੇ ਦੌਰਾਨ 12 ਪਲੇਸਮੈਂਟ ਕੈਂਪ ਲਗਾਏ ਜਾਣਗੇ
ਬੇਰੋਜ਼ਗਾਰ ਨੌਜਵਾਨਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਾਸ ਰਜਿਸਟਰਡ ਹੋਣ ਦਾ ਸੱਦਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਮਹਿਤਪੁਰ ਵਿਖੇ ਪਹਿਲੇ ਪਲੇਸਮੈਂਟ ਕੈਂਪ ਦੀ ਸ਼ੁਰੂਆਤ ਦੇ ਨਾਲ ਹੀ ਜ਼ਿਲ੍ਹੇ ਵਿੱਚ ‘ਘਰ ਘਰ ਰੋਜ਼ਗਾਰ ਯੋਜਨਾ ਤਹਿਤ ਮੰਗਲਵਾਰ ਨੂੰ ਮੈਗਾ ਰੋਜ਼ਗਾਰ ਮੇਲੇ ਦੇ 7 ਵੇਂ ਗੇੜ ਦਾ ਆਗਾਜ਼ ਹੋ ਗਿਆ। ਪਹਿਲਾ ਪਲੇਸਮੈਂਟ ਕੈਂਪ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਮਹਿਤਪੁਰ ਵਿਖੇ ਲਗਾਇਆ ਗਿਆ, ਜਿਸ ਵਿੱਚ 355 ਨੌਜਵਾਨਾਂ ਵਲੋਂ ਸ਼ਮੂਲੀਅਤ ਕੀਤੀ ਗਈ, ਜਦਕਿ 10 ਵੱਖ-ਵੱਖ ਕੰਪਨੀਆਂ ਨੇ ਰੋਜ਼ਗਾਰ ਦੇ ਮੌਕੇ ਦੇਣ ਲਈ ਪਲੇਸਮੈਂਟ ਕੈਂਪ ਵਿੱਚ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਜ ਦੇ ਪਲੇਸਮੈਂਟ ਕੈਂਪ ਦੌਰਾਨ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਰੋਜ਼ਗਾਰ ਦੇ ਮੌਕਿਆਂ ਦੀ ਪੇਸ਼ਕਸ ਕੀਤੀ ਗਈ, ਜਿਸ ਵਿਚੋਂ ਕੰਪਨੀਆਂ ਵੱਲੋਂ 304 ਨੌਜਵਾਨਾਂ ਦੀ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨਾ ਕੰਪਨੀਆਂ ਵਿੱਚ ਏ-ਵਨ ਇੰਟਰਨੈਸ਼ਨਲ, ਐਲਆਈਸੀ, ਸੀਐਸਸੀ, ਐਸਬੀਆਈ, ਪੁਖ਼ਰਾਜ ਹੈਲਥ ਕੇਅਰ, ਆਈਸੀਆਈਸੀਆਈ ਬੈਂਕ, ਨਰਾਇਣੀ ਹਰਬਲ, ਹਰਬਲ ਲਾਈਫ਼, ਨਿਊਟਰੀਸ਼ਨ ‘ਤੇ ਏਜਾਈਲ ਕੰਪਨੀ ਸ਼ਾਮਿਲ ਸਨ। ਥੋਰੀ ਨੇ ਦੱਸਿਆ ਕਿ ਮੈਗਾ ਰੋਜ਼ਗਾਰ ਮੇਲੇ ਦੇ 7 ਵੇਂ ਗੇੜ ਤਹਿਤ ਪਲੇਸਮੈਂਟ ਕੈਂਪਾਂ ਦੌਰਾਨ ਜ਼ਿਲ੍ਹੇ ਵਿੱਚ 12 ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਵਿਕਾਸ ‘ਤੇ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ 8 ਅਪ੍ਰੈਲ, ਲੋਹੀਆਂ ਖਾਸ ਵਿਖੇ 09 ਅਪ੍ਰੈਲ, ਨੂਰਮਹਿਲ ਵਿਖੇ 12 ਅਪ੍ਰੈਲ, ਭੋਗਪੁਰ 16 ਅਪ੍ਰੈਲ ਅਤੇ ਆਦਮਪੁਰ ਵਿਖੇ 19 ਅਪ੍ਰੈਲ ਨੂੰ ਪਲੇਸਮੈਂਟ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅਜਿਹੇ ਹੀ ਕੈਂਪ ਜ਼ਿਲ੍ਹਾ ਰੋਜ਼ਗਾਰ ‘ਤੇ ਕਾਰੋਬਾਰ ਦਫਤਰ ਵਿਖੇ 20 ਅਪ੍ਰੈਲ, ਗੁਰੂ ਨਾਨਕ ਨੈਸ਼ਨਲ ਕਾਲਜ ਵੁਮੈਨ ਨਕੋਦਰ ਵਿਖੇ 23 ਅਪ੍ਰੈਲ, ਜਨਤਾ ਕਾਲਜ ਕਰਤਾਰਪੁਰ ਵਿਖੇ 26 ਅਪ੍ਰੈਲ, ਸਰਕਾਰੀ ਪਾਲੀਟੈਕਨਿਕ ਕਾਲਜ ਫਾਰ ਵੂਮੈਨ ਜਲੰਧਰ ਵਿਖੇ 27 ਅਪ੍ਰੈਲ, ਬਲਾਕ ਵਿਕਾਸ ‘ਤੇ ਪੰਚਾਇਤ ਦਫ਼ਤਰ ਫਿਲੌਰ ਵਿਖੇ 28 ਅਪ੍ਰੈਲ ਅਤੇ ਸੀਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ, ਸ਼ਾਹਪੋਰ ਵਿਖੇ 30 ਅਪ੍ਰੈਲ 2021 ਨੂੰ ਪਲੇਸਮੈਂਟ ਕੈਂਪ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਦੌਰਾਨ ਵੱਖ-ਵੱਖ ਕੰਪਨੀਆਂ ਵਲੋਂ ਜ਼ਿਲ੍ਹੇ ਭਰ ਦੇ ਨੌਜਵਾਨਾਂ ਨੂੰ ‘ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਵੱਖ-ਵੱਖ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ ਸਿਰਫ਼ ਮੈਰਿਟ ਦੇ ਅਧਾਰ ’ਤੇ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਥੋਰੀ ਨੇ ਕਿਹਾ ਕਿ ਇਹ ਰੋਜ਼ਗਾਰ ਮੇਲੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਹਰ ਇਕ ਬੇਰੋਜ਼ਗਾਰ ਨੌਜਵਾਨ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ, ਜਿਹੜੇ ਕਿ ਉਨ੍ਹਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਇਹ ਰੋਜ਼ਗਾਰ ਮੇਲੇ ਲਗਾਉਣ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਕੇ ਉਨਾਂ ਦੀ ਸੂਬੇ ਦੀ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਅਪਣੇ ਆਪ ਨੂੰ ਵੈਬਸਾਈਟ www.pgrkam.com ’ਤੇ ਰਜਿਸਟਰਡ ਕਰਨ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਦੇ ਟੈਲੀਫੋਨ ਨੰਬਰ 0181-2225791 ’ਤੇ ਵੀ ਸੰਪਰਕ ਕਰ ਸਕਦੇ ਹਨ।



