
ਵੱਧ ਜੋਖ਼ਮ ਵਾਲੀ ਵਸੋਂ ਨੂੰ ਕਵਰ ਕਰਨ ਲਈ 1047 ਟੀਮਾਂ ਦਾ ਗਠਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ 26 ਸਤੰਬਰ ਤੋਂ ਚਲਾਈ ਜਾਣ ਵਾਲੀ ਤਿੰਨ ਦਿਨਾਂ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਇਸ ਮੁਹਿੰਮ ਦੌਰਾਨ 131761 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਮੁਹਿੰਮ ਦੌਰਾਨ 0 ਤੋਂ 5 ਸਾਲ ਦੇ ਸਮੂਹ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ ਅਤੇ 1047 ਟੀਮਾਂ ਵੱਲੋਂ 290800 ਘਰਾਂ ਵਿੱਚ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਦਵਾਈ ਪਿਲਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਕਵਰ ਕਰਨ ਲਈ ਰੇਲਵੇ ਸਟੇਸ਼ਨ ‘ਤੇ ਬੱਸ ਸਟੈਂਡ ’ਤੇ ਸਥਾਈ ਕੈਂਪ ਲਗਾਏ ਜਾਣਗੇ।
ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਇਨਾਂ ਦਿਨਾਂ ਦੌਰਾਨ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਨੇੜਲੇ ਪੋਲੀਓ ਬੂਥ ਤੋਂ ਪੋਲੀਓ ਰੋਧਕ ਦਵਾਈ ਪਿਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਵਲ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਪੋਲੀਓ ਖਿਲਾਫ਼ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 796 ਵੱਧ ਜੋਖ਼ਮ ਵਾਲੇ ਖੇਤਰਾਂ ਨੂੰ ਕਵਰ ਕਰਨ ਲਈ 1047 ਟੀਮਾਂ, ਜਿਨ੍ਹਾਂ ਵਿੱਚ ਘਰ-ਘਰ ਜਾਣ ਲਈ 980 ਅਤੇ 54 ਮੋਬਾਇਲ ਟੀਮਾਂ ਸ਼ਾਮਿਲ ਹਨ, ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਉਸਾਰੀ ਵਾਲੀਆਂ ਥਾਵਾਂ ਅਤੇ ਭੱਠਿਆਂ ਆਦਿ ਦਾ ਵਿਸ਼ੇਸ਼ ਦੌਰਾ ਕਰ ਕੇ ਵੱਧ ਜੋਖ਼ਮ ਵਾਲੀ ਵਸੋਂ ਨੂੰ ਵੱਧ ਤੋਂ ਵੱਧ ਕਵਰ ਕਰਨ ਵੱਲ ਧਿਆਨ ਕੇਂਦਰਿਤ ਕਰਨ ਲਈ ਕਿਹਾ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਟੀਮਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਸਿਵਲ ਸਰਜਨ ਡਾ. ਬਲਵੰਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਅਤੇ ਹੋਰ ਵੀ ਮੌਜੂਦ ਸਨ।



