
ਵਾਤਾਵਰਣ ਦੀ ਸ਼ੁੱਧਤਾ ਲਈ ਪਿੰਡ ਵਿੱਚ ਹੋਰ ਬੂਟੇ ਲਗਾਉਣ ਦਾ ਕੰਮ ਸ਼ੁਰੂ
ਜਲੰਧਰ (ਅਮਰਜੀਤ ਸਿੰਘ ਲਵਲਾ)
ਯੂਥ ਫੁੱਟਬਾਲ ਕਲੱਬ (ਵਾਈਐਫਸੀ) ਵੱਲੋਂ ਗ੍ਰਾਮ ਪੰਚਾਇਤ ਰੁੜਕਾ ਕਲਾਂ ਦੇ ਸਹਿਯੋਗ ਨਾਲ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ 2000 ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਪਿਛਲੀ ਦਿਨੀਂ ਮਹਿੰਦਰਾ ਫਾਇਨਾਂਸ ਦੇ ਸਹਿਯੋਗ ਨਾਲ ਪਿੰਡ ਵਿੱਚ ਹੋਰ ਬੂਟੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਮਹਿੰਦਰਾ ਫਾਇਨਾਂਸ ਤੋਂ ਸੌਰਵ ਵਾਲੀਆ ਨੇ ਵਾਈਐਫਸੀ ਰੁੜਕਾ ਕਲਾਂ ਵਿਖੇ ਪੁੱਜ ਕੇ ਪਿੰਡ ਦੇ ਸਰਪੰਚ ਕੁਲਵਿੰਦਰ ਕੌਰ ਕੌਲਧਾਰ ‘ਤੇ ਸਮੁੱਚੀ ਗ੍ਰਾਮ ਪੰਚਾਇਤ ਦੇ ਨਾਲ ਇਸ ਨੇਕ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਕਰੀਬ ਇਕ ਲੱਖ ਰੁਪਏ ਦੀ ਲਾਗਤ ਨਾਲ ਜਕਰੰਡਾ, ਨਿੰਮ, ਅਮਲਤਾਸ ਆਦਿ ਬੂਟੇ ਲਗਾਏ ਗਏ।
ਵਾਈਐਫਸੀ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਭਵਿੱਖ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਕੇ ਪਿੰਡ ਨੂੰ ਹੋਰ ਹਰਿਆ-ਭਰਿਆ ਬਣਾਉਣ ਦਾ ਪ੍ਰਣ ਦੁਹਰਾਇਆ। ਉਨ੍ਹਾਂ ਦੱਸਿਆ ਕਿ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਪਿਛਲੇ ਦੋ ਦਹਾਕਿਆਂ ਤੋਂ ਖੇਡਾਂ ਦੇ ਖੇਤਰ ਦੇ ਨਾਲ-ਨਾਲ ਹੋਰ ਬਹੁਤ ਸਾਰੇ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਲਗਾਤਾਰ ਯੋਗਦਾਨ ਪਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਜਿਥੇ ਇਲਾਕੇ ਭਰ ਦੇ ਹਜ਼ਾਰਾਂ ਬੱਚਿਆਂ ‘ਤੇ ਨੌਜਵਾਨਾਂ ਨਾਲ ਕੰਮ ਕਰ ਰਹੀ ਹੈ ਉਥੇ ਵਾਤਾਵਰਣ ਦੀ ਰੱਖਿਆ ਅਤੇ ਸਾਂਭ-ਸੰਭਾਲ ਲਈ ਵੀ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵਾਈਐਫਸੀ ਵੱਲੋਂ ਪਿਛਲੇ ਕਾਫੀ ਸਾਲਾਂ ਤੋਂ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਬੂਟੇ ਲਗਾਏ ਜਾ ਰਹੇ ਹਨ ਅਤੇ ਹੁਣ ਤੱਕ 2000 ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ।
ਇਸ ਮੌਕੇ ਸਰਵ ਪੱਖੀ ਵਿਕਾਸ ਮੰਚ ਦੇ ਮੈਂਬਰ, ਰੋਟਰੀ ਕਲੱਬ ਰੁੜਕਾ ਕਲਾਂ ਈਕੋ ਦੇ ਸਮੂਹ ਮੈਂਬਰ, ‘ਤੇ ਮਿਡ ਟਾਊਨ ਰੋਟਰੀਅਨ ਲੁਪਿੰਦਰ ਕੁਮਾਰ ਵੀ ਮੌਜੂਦ ਸਨ।



