
ਨਸ਼ਿਆਂ ਦੇ ਮਾੜੇ ਪ੍ਰਭਾਵਾਂ ਖਿਲਾਫ਼ ਸੰਦੇਸ਼ ਦੇਣ ਲਈ ਜਾਗਰੂਕਤਾ ਸਾਈਕਲੋਥੋਨ ਆਯੋਜਿਤ
ਰੁੜਕਾ ਕਲਾਂ, ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਖੇਤਰ ਵਿੱਚ ਖੇਡਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਲਈ ਯੂਥ ਫੁੱਟਬਾਲ ਕਲੱਬ (ਵਾਈਐਫਸੀ) ਰੁੜਕਾ ਕਲਾਂ ਵੱਲੋਂ ਸ਼ਨੀਵਾਰ ਨੂੰ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਨਸ਼ਾਖੋਰੀ ਅਤੇ ਤਸਕਰੀ ਖਿਲਾਫ਼ ਕੌਮਾਂਤਰੀ ਦਿਵਸ ਮਨਾਇਆ ਗਿਆ।
ਵਾਈਐਫਸੀ ਵੱਲੋਂ ਆਈਪੀਐਸ ਅਧਿਕਾਰੀ ਸੁਹੇਲ ਕਾਸਿਮ ਮੀਰ ਦੀ ਅਗਵਾਈ ਵਿਚ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਸਹਿਯੋਗ ਨਾਲ ਇਸ ਦਿਵਸ ਮੌਕੇ ਇਕ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਜਾਗਰੂਕਤਾ ਸਾਈਕਲੋਥੋਨ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ 100 ਤੋਂ ਵੱਧ ਨੌਜਵਾਨਾਂ ਅਤੇ ਬੱਚਿਆਂ ਨੇ ਭਾਗ ਲਿਆ। ਇਸ ਸਾਈਕਲੋਥੋਨ ਨੂੰ ਕਾਸਿਮ ਮੀਰ ਵੱਲੋਂ ਡੀਐਸਪੀ ਦਫ਼ਤਰ ਫਿਲੌਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਸੰਤ ਨਗਰ, ਅਕਾਲਪੁਰ, ਬਕਾਪੁਰ, ਜਾਜਾ, ਮੁਥਾਡਾ ਖੁਰਦ, ਬੀਰ ਬੰਸੀਆਂ ਆਦਿ ਪਿੰਡਾਂ ਵਿੱਚੋਂ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਦੇ ਹੋਏ ਗੁਜ਼ਰੀ।
ਇਸ ਰੈਲੀ ਦੀ ਅਗਵਾਈ ਸੁਹੇਲ ਕਾਸੀਮ ਮੀਰ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਦੇ ਨਾਲ ਕੀਤੀ ਗਈ। ਸਥਾਨਕ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਵੱਖ-ਵੱਖ ਪਿੰਡਾਂ ਜਿਵੇਂ ਅਕਾਲਪੁਰ, ਜਾਜਾ, ਬੀਰ ਬੰਸੀਆਂ ਵਿਖੇ ਸਾਈਕਲੋਥੋਨ ਦਾ ਨਿੱਘਾ ਸਵਾਗਤ ਕੀਤਾ ਗਿਆ। ਰੈਲੀ ਦੀ ਸਮਾਪਤੀ ਤੋਂ ਬਾਅਦ ਵਾਈਐਫਸੀ ਸਟੇਡੀਅਮ ਰੁੜਕਾ ਕਲਾਂ ਵਿਖੇ ਇੱਕ ਸਮਾਗਮ ਕਰਵਾਇਆ ਗਿਆ, ਜਿਥੇ ਜਨਾਬ ਮੀਰ ਅਤੇ ਹੋਰ ਭਾਗੀਦਾਰਾਂ ਦਾ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰਾਂ, ਸਰਵ ਪੱਖੀ ਵਿਕਾਸ ਮੰਚ ਦੇ ਮੈਂਬਰਾਂ, ਰੋਟਰੀ ਕਲੱਬ ਦੇ ਮੈਂਬਰਾਂ ਅਤੇ ਹੋਰ ਸ਼ਖਸੀਅਤਾਂ ਵੱਲੋਂ ਭਰਵਾਂ ਸਵਾਗਤ ਕੀਤਾ।
ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਮਹਿਲਾ ਫੁੱਟਬਾਲ ਖਿਡਾਰੀਆਂ ਕਾਜਲ, ਡੌਲੀ, ਮਨਦੀਪ, ਮਨੀਸ਼ਾ, ਸੰਦੀਪ, ਪੂਜਾ, ਰਮਨੀਕ ਅਤੇ ਨਵਨੀਤ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ।
ਵਾਈਐਫਸੀ ਦੇ ਪ੍ਰਧਾਨ ਅਤੇ ਸੰਸਥਾਪਕ ਗੁਰਮੰਗਲ ਦਾਸ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਸ਼ਾ ਮੁਕਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਵਾਸਤੇ ਇਸ ਲਾਹਨਤ ਵਿਰੁੱਧ ਇਕਜੁੱਟ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਮਨੁੱਖੀ ਸਰੀਰ ‘ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਖੇਡਾਂ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਕਾਰਜਾਂ ਵਿੱਚ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ “ਸਾਡੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਹੈ।
ਸੁਹੇਲ ਕਾਸਿਮ ਮੀਰ ਨੇ ਅੱਗੇ ਕਿਹਾ ਕਿਹਾ ਕਿ ਸਾਨੂੰ ਖੇਡਾਂ ਅਤੇ ਕਦਰਾਂ-ਕੀਮਤਾਂ ‘ਤੇ ਅਧਾਰਤ ਸਿੱਖਿਆ ਪ੍ਰਣਾਲੀ ਨੂੰ ਉਤਸ਼ਾਹਿਤ ਕਰਦਿਆਂ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਇਸ ਮਾੜੀ ਆਦਤ ਦਾ ਸ਼ਿਕਾਰ ਨਾ ਹੋ ਸਕੇ। ਇਸ ਉਪਰੰਤ ਲੁਪਿੰਦਰ ਕੁਮਾਰ (ਸਾਇਲ ਕੰਜ਼ਰਵੇਸ਼ਨ ਵਿਭਾਗ ਵੱਲੋਂ ਉਪ ਮੰਡਲ ਅਧਿਕਾਰੀ) ਨੇ ਵਾਈਐਫਸੀ. ਰੁੜਕਾ ਕਲਾਂ, ਪੁਲਿਸ ਵਿਭਾਗ, ਪਿੰਡ ਪੰਚਾਇਤ, ਖਿਡਾਰੀਆਂ ਅਤੇ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ।
ਅਖੀਰ ਵਿੱਚ ਵਾਈਐਫਸੀ ਰੁੜਕਾ ਕਲਾਂ ਅਤੇ ਗ੍ਰਾਮ ਪੰਚਾਇਤ ਰੁੜਕਾ ਕਲਾਂ ਵੱਲੋਂ ਸੁਹੇਲ ਕਾਸਿਮ ਮੀਰ (ਆਈਪੀਐਸ) ਹਰਦੇਵਪ੍ਰੀਤ ਸਿੰਘ (ਐਸਐਚਓ ਗੁਰਾਇਆ) ਅਤੇ ਸੰਜੀਵ ਕਪੂਰ (ਐਸਐਚਓ ਫਿਲੌਰ) ਨੂੰ ਮੋਮੈਂਟੋ ਭੇਟ ਕੀਤਾ ਗਿਆ।ਸਮਾਗਮ ਵਿੱਚ ਕੁਲਵਿੰਦਰ ਕੌਰ (ਸਰਪੰਚ ਗ੍ਰਾਮ ਪੰਚਾਇਤ ਰੁੜਕਾ ਕਲਾਂ) ਦਲਜੀਤ ਕੁਮਾਰ (ਮੈਂਬਰ ਬਲਾਕ ਸੰਮਤੀ) ਮਨਪ੍ਰੀਤ ਸਿੰਘ (ਪੰਚ) ਤਰਲੋਕ ਸਿੰਘ ਸੰਧੂ, ਬਲਵਿੰਦਰ ਕੌਰ (ਪੰਚ) ਲੇਖ ਰਾਜ ਲਵਲੀ ਤਾਰੂ ਰਾਮ, ਜੀਵਨ ਲਾਲ (ਪੰਚ) ਸਤਪਾਲ ਤਿਵਾੜੀ, ਹਰਭਜਨ ਲਾਲ, ਰਣਜੀਤ ਸਿੰਘ, ਅਜੀਤ ਸਿੰਘ, ਹਰਜੀਤ ਸਿੰਘ, ਮਨਦੀਪ ਕੌਰ, ਜਸਕਰਨ ਸਿੰਘ ਅਤੇ ਹੋਰ ਖਿਡਾਰੀ ਮੌਜੂਦ ਸਨ।



