
ਰਾਜਿੰਦਰ ਬੇਰੀ ਨੇ ਜਲੰਧਰ ਸ਼ਹਿਰ ਨੂੰ ਸਾਫ਼, ਹਰਿਆ-ਭਰਿਆ ‘ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਐਨਜੀਓਜ਼ ਨੂੰ ‘ਹਰਿਆਲੀ ਦੇ ਦੂਤ’ ਬਣਨ ਦਾ ਦਿੱਤਾ ਸੱਦਾ
ਮਾਸਟਰ ਤਾਰਾ ਸਿੰਘ ਨਗਰ ‘ਚ ਗੈਰ ਸਰਕਾਰੀ ਸੰਗਠਨ ਯਰਾਨਾ ਕਲੱਬ ਵੱਲੋਂ ਬੂਟੇ ਲਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼
ਜਲੰਧਰ(ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਵਿਧਾਨ ਸਭਾ ਹਲਕਾ ਜਲੰਧਰ ਸੈਂਟਰਲ ਤੋਂ ਵਿਧਾਇਕ ਰਾਜਿੰਦਰ ਬੇਰੀ ਨੇ ਅੱਜ ਜਲੰਧਰ ਸ਼ਹਿਰ ਨੂੰ ਸਾਫ਼, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਗੈਰ ਸਰਕਾਰੀ ਸੰਗਠਨਾਂ (ਐਨਜੀਓਜ਼) ਨੂੰ ‘ਹਰਿਆਲੀ ਦੇ ਦੂਤ’ (ਅੰਬੈਸਡਰਸ ਆਫ਼ ਗ੍ਰੀਨਰੀ) ਬਣਨ ਦਾ ਸੱਦਾ ਦਿੱਤਾ।
ਵਿਧਾਇਕ ਨੇ ਇਥੇ ਮਾਸਟਰ ਤਾਰਾ ਸਿੰਘ ਨਗਰ ਦੇ ਪਾਰਕ ਵਿਖੇ ਗੈਰ ਸਰਕਾਰੀ ਸੰਗਠਨ ਯਾਰਾਨਾ ਕਲੱਬ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹੇ ਵਿੱਚ ਹਰਿਆਵਲ ‘ਚ ਵਾਧਾ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਰੁੱਖ ਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਰਾਖੀ ਲਈ ਯਤਨ ਕਰਨਾ ਹਰੇਕ ਇਕ ਦਾ ਫਰਜ਼ ਬਣਦਾ ਹੈ, ‘ਤੇ ਅਜਿਹੀਆਂ ਮੁਹਿੰਮਾਂ ਨੂੰ ਜਨ ਅੰਦੋਲਨ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਗੈਰ ਸਰਕਾਰੀ ਸੰਗਠਨ ਇਸ ਸਮੁੱਚੀ ਪ੍ਰਕ੍ਰਿਆ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਵਿਧਾਇਕ ਬੇਰੀ ਨੇ ਕਿਹਾ ਕਿ ਰੁੱਖ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਅਤੇ ਵਾਤਾਵਰਣ ਨੂੰ ਬਿਹਤਰ ਬਣਾਉਣ ਵਿੱਚ ਮਹੱਤਪੂਰਨ ਰੋਲ ਅਦਾ ਕਰਦੇ ਹਨ, ਜੋ ਕਿ ਵਿਸ਼ੇਸ਼ ਤੌਰ ‘ਤੇ ਚੱਲ ਰਹੀ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਐਨਜੀਓਜ਼ ਵੱਲੋਂ ਚਲਾਈਆਂ ਜਾ ਰਹੀਆਂ ਅਜਿਹੀਆਂ ਸਮੁੱਚੀਆਂ ਮੁਹਿੰਮਾਂ ਦਾ ਇਕੋ-ਇਕ ਉਦੇਸ਼ ਰੁੱਖ ਲਾਉਣ ਦੁਆਰਾ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਹਰਿਆਵਲ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੇਂ ਰੂਪ ਵਿੱਚ ਉਲੀਕੇ ਗਏ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਸ਼ਨੀਵਾਰ ਨੂੰ ਜਲੰਧਰ ਵਾਸੀਆਂ ਨੂੰ 47.74 ਕਰੋੜ ਰੁਪਏ ਦੇ 2 ਪ੍ਰਾਜੈਕਟਾਂ ਵਰਿਆਣਾ ਡੰਪ ਵਿਖੇ ਬਾਇਓ-ਰੇਮੇਡੀਏਸ਼ਨ ਪ੍ਰਾਜੈਕਟ ਅਤੇ ਜ਼ਿਲੇ ਵਿਚ ਗ੍ਰੀਨ ਬੈਲਟਾਂ ਦੀ ਦੇਖ-ਭਾਲ ਦੀ ਤੋਹਫਾ ਦਿੱਤਾ ਗਿਆ ਹੈ।
ਵਿਧਾਇਕ ਬੇਰੀ ਨੇ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਸੂਬੇ ਵਿਚ ਹਵਾ, ਪਾਣੀ ਅਤੇ ਭੋਜਨ ਦੀ ਗੁਣਵੱਤਾ ਨੂੰ ਕਾਇਮ ਰੱਖਣ ਅਤੇ ਬਿਹਤਰ ਬਣਾਉਣ ਦਾ ਇਕ ਵਿਆਪਕ ਮਿਸ਼ਨ ਹੈ, ਜਿਸ ਨਾਲ ਪੰਜਾਬ ਦੇ ਨਾਗਰਿਕਾਂ ਵਾਸਤੇ ਰਹਿਣ ਲਈ ਚੰਗੇ ਵਾਤਾਵਰਣ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਨੇਕ ਕੰਮ ਲਈ ਗੈਰ ਸਰਕਾਰੀ ਸੰਗਠਨਾਂ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਐਨਜੀਓ ਦੇ ਅਹੁਦੇਦਾਰਾਂ ਨੂੰ ਜ਼ਿਲ੍ਹੇ ਵਿਚ ਹਰਿਆਲੀ ਵਿੱਚ ਵਾਧਾ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਵਿਧਾਇਕ ਬੇਰੀ ਦਾ ਸਵਾਗਤ ਕਰਦਿਆਂ ਐਨਜੀਓ ਦੇ ਪ੍ਰਧਾਨ ਸੰਦੀਪ ਜਿੰਦਲ, ਵਰੁਣ ਗੁਪਤਾ, ਮੁਨੀਸ਼ ਜਿੰਦਲ, ਸੁਖਜਿੰਦਰ ਸਿੰਘ, ਸੌਰਭ ਕੁਮਾਰ ਅਤੇ ਹੋਰਨਾਂ ਨੇ ਉਨ੍ਹਾਂ ਵੱਲੋਂ ਖੇਤਰ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕੋਵਿਡ ਸੰਕਟ ਦੌਰਾਨ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਵਿਧਾਇਕ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਪਿਛਲੇ 7 ਸਾਲਾਂ ਤੋਂ ਸਮਾਜ ਦੇ ਲੋੜਵੰਦ ਅਤੇ ਕਮਜ਼ੋਰ ਵਰਗ ਦੀ ਸੇਵਾ ਕੀਤੀ ਜਾ ਰਹੀ ਹੈ।
ਇਸ ਮੌਕੇ ਵਿਨੋਦ ਸਲਵਾਨ, ਨਰੇਸ਼ ਸ਼ਰਮਾ, ਸੰਜੀਵ ਤਲਵਾਰ, ਮਲਿਕ, ਗਾਂਧੀ, ਚੰਦਰ ਮੋਹਨ ਕਾਲੀਆ, ਰਾਘਵ, ਸ਼੍ਰੀਮਤੀ ਸਰੋਜ, ਵਰਿੰਦਾ, ਹਾਂਡਾ, ਗਰਗ, ਪਾਰਥ, ਸਾਰਾਂਸ਼, ‘ਤੇ ਹੋਰ ਵੀ ਮੌਜੂਦ ਸਨ।



