
18 ਤੋਂ 45 ਸਾਲ ਦੇ ਉਮੀਦਵਾਰ ਸਵੈ-ਰੋਜ਼ਗਾਰ ਲਈ ਕਰ ਸਕਦੇ ਨੇ ਮੁਫ਼ਤ ਸਿਖਲਾਈ ਪ੍ਰਾਪਤ—ਸੇਠੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਨੌਜਵਾਨਾਂ ਨੂੰ ਰੋਜ਼ਗਾਰ ਦੇ ਮਾਮਲੇ ‘ਚ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਪੇਂਡੂ ਵਿਕਾਸ ਅਤੇ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਰੂਡਸੈਟ, ਜਲੰਧਰ ਵੱਲੋਂ ਚਲਾਏ ਜਾ ਰਹੇ ਮੁਫ਼ਤ ਸਿਖਲਾਈ ਪ੍ਰੋਗਰਾਮਾਂ ਦੀ ਲੜੀ ਵਿੱਚ ਮੋਬਾਇਲ ਰਿਪੇਅਰ ਅਤੇ ਮੈਨਜ਼ ਪਾਰਲਰ ਸਲੂਨ ਉੱਦਮੀ ਪ੍ਰੋਗਰਾਮਾਂ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਸਮਾਗਮ ਵਿੱਚ ਮਨੋਜ ਤ੍ਰਿਪਾਠੀ, ਡਵੀਜ਼ਨਲ ਮੈਨੇਜਰ, ਕੇਨਰਾ ਬੈਂਕ, ਰੀਜ਼ਨਲ ਆਫਿਸ, ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਰੂਡਸੈਟ ਸੰਸਥਾ ਜਲੰਧਰ ਵੱਲੋਂ ਬੇਰੋਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਸਵੈ-ਰੋਜ਼ਗਾਰ ਲਈ ਉਤਸ਼ਾਹਿਤ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕੋਰਸ ਪੂਰਾ ਕਰਨ ਵਾਲੇ ਨੌਜਵਾਨਾਂ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਅਤੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸਿਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਗਏ। ਉਨ੍ਹਾਂ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਬੈਂਕਾਂ ਤੋਂ ਵਿੱਤੀ ਸਹਾਇਤਾ ਦਾ ਭਰੋਸਾ ਵੀ ਦਿਵਾਇਆ।
ਤਰੁਣ ਕੁਮਾਰ ਸੇਠੀ, ਨਿਦੇਸ਼ਕ, ਰੂਡਸੈਟ ਸੰਸਥਾ, ਜਲੰਧਰ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਦੱਸਿਆ ਕਿ ਇਹ ਸੰਸਥਾ ਸ਼੍ਰੀ ਧਰਮਸਥਾਲਾ ਮੰਜੂਨਾਥਏਸ਼ਵਰ ਐਜੂਕੇਸ਼ਨਲ ਟਰੱਸਟ ਅਤੇ ਕੇਨਰਾ ਬੈਂਕ ਵੱਲੋਂ ਪ੍ਰਾਯੋਜਿਤ ਹੈ, ਜਿਥੇ 18-45 ਸਾਲ ਦੇ ਉਮੀਦਵਾਰ ਲੜਕੇ-ਲੜਕੀਆਂ ਸਵੈ-ਰੋਜ਼ਗਾਰ ਲਈ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਸਥਾ ਦੇ ਸਾਰੇ ਸਿਖਲਾਈ ਪ੍ਰੋਗਰਾਮ ਮੁਫ਼ਤ ਹਨ ਅਤੇ ਰਹਿਣ ਤੇ ਭੋਜਨ ਦੀ ਵਿਵਸਥਾ ਵੀ ਸੰਸਥਾ ਵੱਲੋਂ ਮੁਫ਼ਤ ਕੀਤੀ ਜਾਂਦੀ ਹੈ।
ਸੇਠੀ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਆਪਣਾ ਕੰਮ ਆਰੰਭ ਕਰਨ ਲਈ ਬੈਂਕਾਂ ਵੱਲੋਂ ਵਿੱਤੀ ਸਹਾਇਤਾ ਵੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਨੌਜਵਾਨ, ਜੋ ਸਵੈ-ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦਾ ਹੈ, ਉਹ ਇਸ ਸੰਸਥਾ ਤੋਂ ਮੁਫ਼ਤ ਸਿਖਲਾਈ ਪ੍ਰੋਗਰਾਮਾਂ ਦਾ ਲਾਭ ਉਠਾ ਸਕਦਾ ਹੈ।
ਇਸ ਮੌਕੇ ਪਰਗਟ ਵਾਲੀਆ, ਸੀਨੀਅਰ ਫੈਕਲਟੀ, ਸ੍ਰੀਮਤੀ ਦੀਪਿਕਾ ਗੁਲੇਰੀਆ, ਪੰਕਜ ਦਾਸ ਆਫਿਸ ਅਸਿਸਟੈਟ ਵੀ ਮੌਜੂਦ ਸਨ।



