
*ਹਰੇਕ ਯੋਗ ਨਾਗਰਿਕ ਨੂੰ ਆਪਣੇ ਵੋਟਰ ਹੋਣ ਦਾ ਫਰਜ਼ ਨਿਭਾਉਣਾ ਚਾਹੀਦੈ—ਡਿਪਟੀ ਕਮਿਸ਼ਨਰ*
ਜਲੰਧਰ (ਅਮਰਜੀਤ ਸਿੰਘ ਲਵਲਾ)
ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਕਰਵਾਏ ਗਏ ਜਾਗਰੂਕਤਾ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ 75 ਫੁੱਟ ਲੰਬਾ ਕੇਟ ਕੱਟਦਿਆਂ ਵੋਟਰਾਂ ਨੂੰ 20 ਫਰਵਰੀ ਨੂੰ ਮਤਦਾਨ ਵਾਲੇ ਦਿਨ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ।
ਸਥਾਨਕ ਪੀਪੀਆਰ ਮਾਲ ਵਿਖੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਅਤੇ ਸਵੀਪ ਸਰਗਰਮੀਆਂ ਤਹਿਤ ਸੇਂਟ ਸੋਲਜਰ ਗਰੁੱਪ ਦੇ ਸਹਿਯੋਗ ਨਾਲ ਕਰਵਾਏ ਗਏ ਵੋਟਰ ਜਾਗਰੂਕਤਾ ਸਮਾਗਮ ਦੌਰਾਨ ਪੁਲਿਸ ਅਬਜ਼ਰਵਰ ਡਾ. ਐਨ ਕੋਲਾਂਚੀ ਦੀ ਮੌਜੂਦਗੀ ਵਿੱਚ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਵੋਟ ਸਾਡਾ ਅਧਿਕਾਰ ਤੇ ਸਾਡੀ ਜ਼ਿੰਮੇਵਾਰੀ ਹੈ, ਜਿਸ ਦਾ ਹਰੇਕ ਨਾਗਰਿਕ ਨੂੰ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਤੇ ਸੂਬੇ ਦੇ ਨਿਰਮਾਣ ਵਿੱਚ ਇਕ-ਇਕ ਵੋਟ ਦੀ ਅਹਿਮੀਅਤ ਹੈ, ਇਸ ਲਈ ਹਰੇਕ ਨਾਗਰਿਕ ਨੂੰ ਆਪਣੇ ਵੋਟਰ ਹੋਣ ਦਾ ਫਰਜ਼ ਨਿਭਾਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਿਵੇਕਲੇ ਉਪਰਾਲੇ ਦਾ ਮਕਸਦ ਲੋਕਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਅੱਜ 75 ਫੁੱਟ ਲੰਬਾ ਕੇਕ ਕੱਟ ਕੇ ਇਸ ਨਿਵੇਕਲੀ ਪਹਿਲਕਦਮੀ ਰਾਹੀਂ ਵੋਟਰਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਅਧੀਨ ਚਲਾਈ ਜਾ ਰਹੀ ਵਿਆਪਕ ਜਾਗਰੂਕਤਾ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਥੇ ਪ੍ਰਮੁੱਖ ਸਥਾਨਾਂ ’ਤੇ ਗ੍ਰਾਫਿਟੀਜ਼ ਅਤੇ ਵਾਲ ਪੇਂਟਿੰਗਜ਼ ਬਣਾਈਆਂ ਗਈਆਂ ਹਨ ਉਥੇ ਵਿੱਦਿਅਕ ਸੰਸਥਾਵਾਂ ਨੂੰ ਸ਼ਾਮਲ ਕਰਦਿਆਂ ਨੈਤਿਕ ਵੋਟਿੰਗ ਨੂੰ ਸਮਰਪਿਤ ਪੋਸਟਰ ਮੇਕਿੰਗ ਤੇ ਸਲੋਗਨ ਰਾਈਟਿੰਗ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਸਾਰੇ ਵੋਟਰਾਂ ਖਾਸ ਕਰ ਨੌਜਵਾਨਾਂ ਨੂੰ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ।
ਇਸ ਦੌਰਾਨ ਲਾਈਵ ਬੈਂਡ ਅਤੇ ਵਿਦਿਆਰਥੀਆਂ ਵੱਲੋਂ ਸਕਿੱਟ ਪੇਸ਼ ਕੀਤੀ ਗਈ ਉਥੇ ਯੁਵਾ ਥੀਏਟਰ ਵੱਲੋਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਦਾ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਰੇਡੀਓ ਸਿਟੀ ਦੇ ਆਰਜੇ ਹਿਮਾਸ਼ੂ ਵੱਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ 12 ਵਿਦਿਆਰਥੀਆਂ ਵੱਲੋਂ 10 ਘੰਟਿਆਂ ਦੀ ਮਿਹਨਤ ਨਾਲ ਇਹ 75 ਫੁੱਟ ਲੰਬਾ ਕੇਕ ਤਿਆਰ ਕੀਤਾ ਗਿਆ ਸੀ, ਜੋ ਕਿ ਹਜ਼ਾਰ ਤੋਂ ਵੱਧ ਸਰੋਤਿਆਂ ਨੂੰ ਵੰਡਣ ਦੇ ਨਾਲ-ਨਾਲ ਸਮਾਜ ਦੇ ਲੋੜਵੰਦ ਲੋਕਾਂ ਨੂੰ ਵੰਡਣ ਲਈ ਗੈਰ ਸਰਕਾਰੀ ਸੰਸਥਾਵਾਂ ਨੂੰ ਭੇਜਿਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ, ਇਨਕਮ ਟੈਕਸ ਜਲੰਧਰ, ਸ਼੍ਰੀਮਤੀ ਗਗਨ ਕੁੰਦਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹੁਸ਼ਿਆਰਪੁਰ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ (ਯੂਟੀ) ਓਜਸਵੀ ਅਲੰਕਾਰ, ਪੀਸੀਐਸ ਅਫ਼ਸਰ (ਯੂਟੀ) ਗੁਰਲੀਨ ਕੌਰ, ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸੰਗੀਤਾ ਚੋਪੜਾ, ਰਾਜਨ ਚੋਪੜਾ, ਮੈਨੇਜਿੰਗ ਡਾਇਰੈਕਟਰ ਮਨਹਰ ਅਰੋੜਾ, ਜਲੰਧਰ ਸਵੀਪ ਨੋਡਲ ਅਫ਼ਸਰ ਸੁਰਜੀਤ ਲਾਲ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।



