
ਲਿੰਗ ਅਨੁਪਾਤ ‘ਚ ਸੁਧਾਰ ਲਿਆਉਣ ਲਈ ਲੋੜੀਂਦੀਆਂ ਗਤੀਵਿਧੀਆਂ ਹੋਰ ਤੇਜ ਕੀਤੀਆਂ ਜਾਣਗੀਆਂ—ਡਾ. ਰਮਨ ਗੁਪਤਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਸਿਹਤ ਵਿਭਾਗ ਵੱਲੋਂ ਪੀਸੀਪੀਐਨਡੀਟੀ ਜਿਲ੍ਹਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਅਗਵਾਈ ਵਿੱਚ ਵੀਰਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਹੋਈ। ਮੀਟਿੰਗ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫਸਰ ‘ਤੇ ਨੋਡਲ ਅਫਸਰ ਪੀਸੀਪੀਐਨਡੀਟੀ ਡਾ. ਰਮਨ ਕੁਮਾਰ ਗੁਪਤਾ, ਡਾ. ਕੁਲਵਿੰਦਰ ਕੋਰ ਸੀਨੀਅਰ ਮੈਡੀਕਲ ਅਫ਼ਸਰ (ਗਾਇਨੀ) ਸਿਵਲ ਹਸਪਤਾਲ ਜਲੰਧਰ, ਡਾ. ਭੁਪਿੰਦਰ ਸਿੰਘ ਮੈਡੀਕਲ ਸਪੈਸ਼ਲਿਸਟ ਸਿਵਲ ਹਸਪਤਾਲ ਜਲੰਧਰ, ਡਾ. ਵਿਜੇਂਦਰ ਸਿੰਘ ਐਮਡੀ. ਪੈਡੀਐਟ੍ਰਿਕਸ, ਗਗਨਦੀਪ ਸਹਾਇਕ ਜਿਲ੍ਹਾ ਅਟਾਰਨੀ ਜਲੰਧਰ, ਡੀਪੀਓ ਦਫ਼ਤਰ ਤੋਂ ਸੰਦੀਪ ਕੁਮਾਰ, ਪਰਮਜੀਤ ਕੌਰ ਡਿਪਟੀ ਐਮਈਆਈਓ, ਦੀਪਕ ਬਪੋਰੀਆ ਜਿਲ੍ਹਾ ਪੀਐਨਡੀਟੀ ਕੋਆਰਡੀਨੇਟਰ, ਨੀਰਜ ਸ਼ਰਮਾ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਮੌਜੂਦ ਸਨ।
ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਕਿਹਾ ਕਿ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ/ਕਰਨਾ ਗੈਰਕਾਨੂੰਨੀ ਹੈ ਅਤੇ ਇਸ ਜ਼ੁਰਮ ਵਿੱਚ ਪਾਏ ਗਏ ਦੋਸ਼ੀਆਂ ਖਿਲਾਫ ਪੀਸੀਪੀਐੇਨਡੀਟੀ ਐੇਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਲੜਕੇ ਅਤੇ ਲੜਕੀ ਵਿੱਚ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਲੜਕੀਆਂ ਦੀ ਸਥਿਤੀ ਨੂੰ ਹੋਰ ਵੀ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਪੀਸੀ ਅਤੇ ਪੀਐਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੇ ਲਈ ਸਿਹਤ ਵਿਭਾਗ ਵਚਨਬੱਧ ਹੈ ਅਤੇ ਇਸ ਵਚਨਬੱਧਤਾ ਨੂੰ ਮੁੱਖ ਰਖਦਿਆਂ ਵਿਭਾਗ ਵੱਲੋਂ ਗਠਿਤ ਟੀਮਾਂ ਦੁਆਰਾ ਸਕੈਨਿੰਗ ਸੈਂਟਰਾਂ ਵਿੱਚ ਸਮੇਂ ਸਮੇਂ `ਤੇ ਇੰਸਪੈਕਸ਼ਨਾਂ ਕੀਤੀਆਂ ਜਾਂਦੀਆਂ ਹਨ।
ਜਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਨੋਡਲ ਅਫਸਰ ਪੀਸੀ ਪੀਐਨਡੀਟੀ ਡਾ. ਰਮਨ ਕੁਮਾਰ ਗੁਪਤਾ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਹਸਪਤਾਲਾਂ ਅਤੇ ਸਕੈਨ ਸੈਂਟਰਾਂ ਵਲੋਂ ਰਜਿਸਟ੍ਰੇਸ਼ਨ ਨੂੰ ਰੀਨਿਉਅਲ ਕਰਾਉਣ ਲਈ ਅਰਜੀਆਂ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ਨੂੰ ਲੋੜੀਂਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮੰਜੂਰੀ ਦੇ ਦਿੱਤੀ ਗਈ। ਇਸ ਤੋਂ ਇਲਾਵਾ 4 ਹਸਪਤਾਲਾਂ ‘ਤੇ ਸਕੈਨ ਸੈਂਟਰਾਂ ਵਲੋਂ ਨਵੀਂ ਰਜਿਸਟ੍ਰੇਸ਼ਨ ਲੈਣ ਲਈ ਅਰਜੀਆਂ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ਨੂੰ ਲੋੜੀਂਦੇ ਦਸਤਾਵੇਜ ਪੂਰੇ ਹੋਣ ਉਪਰੰਤ ਅਤੇ ਕਮੇਟੀ ਮੈਂਬਰਾਂ ਵਲੋਂ ਪੜਚੋਲ ਕਰਨ ਉਪਰੰਤ ਨਵੀਂ ਰਜਿਸਟ੍ਰੇਸ਼ਨ ਲਈ ਮੰਜੂਰੀ ਦੇ ਦਿੱਤੀ ਗਈ। ਡਾ. ਰਮਨ ਗੁਪਤਾ ਵਲੋਂ ਦੱਸਿਆ ਗਿਆ ਕਿ ਸਟੇਟ ਐਪਰੋਪਰੀਏਟ ਅਥਾਰਿਟੀ ਦਾ ਮਾਦਾ ਭਰੂਣ ਹੱਤਿਆ ‘ਤੇ ਰੋਕ ਲਗਾਉਣ ਲਈ ਡੀਟੇਕਟਿਵ ਏਜੰਸੀ ਨਾਲ ਐਮਓਯੂ ਸਾਈਨ ਹੋਇਆ ਹੈ। ਜਿਸਦੇ ਤਹਿਤ ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਸਕੈਨਿੰਗ ਸੈਂਟਰਾਂ ‘ਤੇ ਛਾਪੇਮਾਰੀ ਅਤੇ ਲੋੜੀਂਦੀਆਂ ਗਤੀਵਿਧੀਆਂ ਹੋਰ ਤੇਜ ਕੀਤੀਆਂ ਜਾਣਗੀਆਂ।



