
ਅਧਿਕਾਰੀਆਂ ਨੂੰ ਕਿਹਾ-ਜਲ ਸਪਲਾਈ ਸਕੀਮ ਲਈ ਬਕਾਇਆ ਲਾਭਪਾਤਰੀ ਹਿੱਸਾ 14 ਅਗਸਤ ਤੱਕ ਜਮ੍ਹਾ ਕਰਵਾਇਆ ਜਾਵੇ
ਜਲੰਧਰ ਅਮਰਜੀਤ ਸਿੰਘ ਲਵਲਾ)
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਵੱਲੋਂ ਅੱਜ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਆਉਂਦੇ ਪਿੰਡਾਂ ਵਿਚ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਮੀਟਿੰਗ ਕੀਤੀ ਗਈ, ਜਿਸ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ, ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਬਲਾਕਾਂ ਦੇ ਬੀਡੀਪੀਓਜ਼ ਨੇ ਭਾਗ ਲਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਇੰਜੀਨੀਅਰ ਅਤੇ ਬੀਡੀਪੀਓਜ਼ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਪਿੰਡਾਂ ਵਿੱਚ ਜਲ ਸਪਲਾਈ ਸਕੀਮ ਲਈ ਲਾਭਪਾਤਰੀ ਹਿੱਸਾ (ਬੈਨੀਫਿਸ਼ਰੀ ਸ਼ੇਅਰ) ਬਕਾਇਆ ਹੈ, ਉਨ੍ਹਾਂ ਪਿੰਡਾਂ ਦਾ ਲਾਭਪਾਤਰੀ ਹਿੱਸਾ ਇਕੱਤਰ ਕਰ ਕੇ 14 ਅਗਸਤ 2021 ਤੱਕ ਜਮ੍ਹਾ ਕਰਵਾਇਆ ਜਾਵੇ ਤਾਂ ਜੋ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਅਧੀਨ ਵੱਖ-ਵੱਖ ਸਕੀਮਾਂ ਤਹਿਤ ਕਰਵਾਏ ਕਾਰਜਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਬਕਾਇਆ ਰਹਿੰਦੇ ਪਖਾਨਿਆਂ ਦਾ ਨਿਰਮਾਣ 10 ਦਿਨਾਂ ਦੇ ਅੰਦਰ-ਅੰਦਰ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਸਬੰਧਤ ਬੀਡੀਪੀਓਜ਼ ਨੂੰ ਕੁਝ ਪਿੰਡਾਂ ਵਿੱਚ ਬਣਨ ਤੋਂ ਰਹਿੰਦੇ ਕਮਿਊਨਿਟੀ ਸੈਨੀਟਰੀ ਕੰਪਲੈਕਸ ਦੇ ਨਿਰਮਾਣ ਲਈ ਬਣਦੀ ਰਾਸ਼ੀ ਪੰਚਾਇਤਾਂ ਦੇ ਖਾਤੇ ਵਿੱਚ ਤੁਰੰਤ ਟਰਾਂਸਫਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਪਿੰਡਾਂ ਦੇ ਅਜਿਹੇ ਲੋਕਾਂ ਨੂੰ ਜਲਦੀ ਤੋਂ ਜਲਦੀ ਪਖਾਨਿਆਂ ਦੀ ਸਹੂਲਤ ਦਿੱਤੀ ਜਾ ਸਕੇ, ਜਿਨ੍ਹਾਂ ਕੋਲ ਘਰ ਵਿੱਚ ਪਖਾਨੇ ਦੀ ਉਸਾਰੀ ਲਈ ਥਾਂ ਨਹੀਂ ਹੈ।
ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਬੀਡੀਪੀਓਜ਼ ਨੂੰ 36 ਪਿੰਡਾਂ ਵਿੱਚ ਲਿਕੁਅਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਅਤੇ 43 ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਤੁਰੰਤ ਸ਼ੁਰੂ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ ਤਾਂ ਜੋ ਪਿੰਡਾਂ ਨੂੰ ਲਿਕੁਅਡ ਤੇ ਸੋਲਿਡ ਕਚਰੇ ਤੋਂ ਛੁਟਕਾਰਾ ਦਿਵਾਇਆ ਜਾ ਸਕੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਇੰਜ. ਹਰਿੰਦਰ ਸਿੰਘ ਅਤੇ ਇੰਜ. ਨਿਤਨ ਕਾਲੀਆ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਵਿਭਾਗ ਇੰਜ. ਤਰਸੇਮ ਲਾਲ, ਡੀਡੀਪੀਓ ਜਲੰਧਰ ਇਕਬਾਲ ਸਿੰਘ, ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਖੁਸ਼ਮ ਨਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਵਾਲੀਆ ਅਤੇ ਬੀਡੀਪੀਓਜ਼ ਮਹੇਸ਼ ਕੁਮਾਰ, ਸ਼੍ਰੀਮਤੀ ਮਨਜਿੰਦਰ ਕੌਰ, ਸੰਦੀਪ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਸ਼੍ਰੀਮਤੀ ਪਵਨਜੀਤ ਕੌਰ, ਰਾਮ ਪਾਲ, ਰਾਕੇਸ਼ ਕੁਮਾਰ, ਮਲਕੀਤ ਸਿੰਘ ਅਤੇ ਹੋਰ ਮੌਜੂਦ ਸਨ।



