
*ਟ੍ਰੇਨਿੰਗ ਪਾਰਟਨਰਾਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਉਦਯੋਗਾਂ ਦੀ ਮੰਗ ਅਨੁਸਾਰ ਕੋਰਸ ਚੁਣਨ ਲਈ ਕਿਹਾ*
ਜਲੰਧਰ *ਗਲੋਬਲ ਆਜਤੱਕ*
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਅੱਜ ਜ਼ਿਲ੍ਹੇ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਹੁਨਰ ਸਿਖਲਾਈ ਸਬੰਧੀ ਚੱਲ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਸਮੂਹ ਟ੍ਰੇਨਿੰਗ ਪਾਰਟਨਰਾਂ ਨੂੰ ਪ੍ਰਾਜੈਕਟ ਨਿਰਧਾਰਿਤ ਸਮੇਂ ਦੇ ਅੰਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਲਾਉਣ ਦੇ ਨਿਰਦੇਸ਼ ਦਿੱਤੇ।
ਟ੍ਰੇਨਿੰਗ ਪਾਰਟਨਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਅਧੀਨ ਪੰਜਾਬ ਸਰਕਾਰ ਵੱਲੋਂ ਮਨਜ਼ੂਰਸ਼ੂਦਾ ਕੁੱਲ 15 ਹੁਨਰ ਸਿਖਲਾਈ ਕੇਂਦਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 18-35 ਸਾਲ ਦੇ ਪੇਂਡੂ, ਸ਼ਹਿਰੀ ਨੌਜਵਾਨਾਂ ਨੂੰ ਮੁਫ਼ਤ ਹੁਨਰ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਹੁਨਰ ਸਿਖਲਾਈ ਮੁਕੰਮਲ ਹੋਣ ਉਪਰੰਤ ਰੋਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ।
ਉਨ੍ਹਾਂ ਸਮੂਹ ਟ੍ਰੇਨਿੰਗ ਪਾਰਟਨਰਾਂ ਨੂੰ ਹਦਾਇਤ ਕੀਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਉਦਯੋਗ ਦੀ ਮੰਗ ਅਨੁਸਾਰ ਕੋਰਸਾਂ ਨੂੰ ਚੁਣਿਆ ਜਾਵੇ ਤਾਂ ਜੋ ਉਦਯੋਗਾਂ ਦੀ ਮੰਗ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਸਿਖਿਆਰਥੀ ਹੁਨਰ ਸਿਖਲਾਈ ਮੁਕੰਮਲ ਕਰ ਚੁੱਕੇ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੁਨਿਟ ਤੋ ਜ਼ਿਲ੍ਹਾ ਮੈਨੇਜਰ ਸੂਰਜ ਕਲੇਰ, ਬਲਾਕ ਥਿਮੈਟੀਕ ਮੈਨੇਜਰ ਮਨਦੀਪ ਕੌਰ ‘ਤੇ ਸੁਖਵੰਤ ਕੌਰ ਅਤੇ ਐਮਜੀਐਨਐਫ ਵਰਿੰਦਰ ਕੁਮਾਰ ਆਦਿ ਮੌਜੂਦ ਸਨ।



