24 ਜੂਨ ਤੋਂ ਲਗਾਏ ਜਾਣਗੇ ਵੋਟਰ ਜਾਗਰੂਕਤਾ ਕੈਂਪ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਜਸਬੀਰ ਸਿੰਘ ਵੱਲੋਂ 24 ਜੂਨ ਤੋਂ ਲਗਤਾਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਏ ਜਾਣ ਵਾਲੇ ਵੋਟਰ ਜਾਗਰੂਕਤਾ ਕੈਂਪਾਂ ਸਬੰਧੀ ਜ਼ਿਲ੍ਹਾ ਜਲੰਧਰ ਦੇ 9 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਤਾਇਨਾਤ ਹਲਕਾ ਪੱਧਰੀ ਸਵੀਪ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ,2022 ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੌਜਵਾਨ ਵਰਗ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਵੋਟਰ ਰਜਿਸਟਰੇਸ਼ਨ ਕਰਵਾਉਣ ਲਈ ਹਲਕਾ ਪੱਧਰ ‘ਤੇ ਵੋਟਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਜਿਸ ਲਈ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਹਲਕੇਵਾਰ ਪੇਂਡੂ ਅਤੇ ਸ਼ਹਿਰੀ ਪੋਲਿੰਗ ਖੇਤਰਾਂ ਵਿੱਚ ਵੱਖ-ਵੱਖ ਢੁੱਕਵੀਆਂ ਜਨਤਕ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਥੇ ਸਵੀਪ ਨੋਡਲ ਅਫ਼ਸਰਾਂ ਵੱਲੋਂ ਸੁਪਰਵਾਈਜ਼ਰਾਂ ਅਤੇ ਬੀਐਲਓਜ਼ ਦੀ ਮਦਦ ਨਾਲ ਵੋਟਰ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੈਂਪ ਦੌਰਾਨ ਬੀਐਲਓਜ਼ ਵੱਲੋਂ ਆਮ ਜਨਤਾ, ਵੋਟਰਾਂ ਨੂੰ ਆਨ-ਲਾਈਨ ਅਤੇ ਆਫ-ਲਾਈਨ ਵੋਟਰ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਾਲ-ਨਾਲ ਵੋਟਰਾਂ ਪਾਸੋਂ ਦਸਤੀ ਫਾਰਮ ਨੰ. 6,7,8 ਅਤੇ 8ਏ ਵੀ ਮੌਕੇ ‘ਤੇ ਹੀ ਭਰਵਾਏ ਜਾਣ।
ਸਿੰਘ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਕੈਂਪ ਵਿੱਚ ਕਮਿਸ਼ਨ ਦੇ ਵੈਬ ਪੋਰਟਲ, www.nvsp.in ਜਾਂ WWW.Voterporal.gov.in ਜਾਂ- voter helpline mobile app
ਬਾਰੇ ਆਮ ਜਨਤਾ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕੋਵਿਡ-19 ਸਬੰਧੀ ਜਾਰੀ ਗਾਈਡਲਾਈਨਜ਼ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਇਹ ਕੈਂਪ ਲਗਾਏ ਜਾਣ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਮੁੱਖ ਚੋਣ ਦਫ਼ਤਰ ਵੱਲੋਂ ਪ੍ਰਾਪਤ ਸਮੱਗਰੀ ਜਿਵੇਂ ਕਨੋਪੀ, ਬੋਲੀਆਂ ਬੁੱਕ, ਬੈਨਰ, ਪੋਸਟਰ ਆਦਿ ਸਵੀਪ ਨੋਡਲ ਅਫ਼ਸਰ ਨੂੰ ਵੋਟਰ ਜਾਗਰੂਕਤਾ ਕੈਂਪ ਲਗਾਉਣ ਲਈ ਸਪਲਾਈ ਕੀਤੀ ਗਈ।
ਮੀਟਿੰਗ ਵਿੱਚ ਹਲਕਾ ਪੱਧਰੀ ਸਮੂਹ ਸਵੀਪ ਨੋਡਲ ਅਫ਼ਸਰ, ਸੁਰਜੀਤ ਲਾਲ
ਜ਼ਿਲ੍ਹਾ ਸਹਾਇਕ ਸਵੀਪ ਨੋਡਲ ਅਫ਼ਸਰ ਅਤੇ ਸ਼੍ਰੀਮਤੀ ਰਮਨਦੀਪ ਕੌਰ, ਚੋਣ ਕਾਨੂੰਨਗੋ ਅਤੇ
ਪਰਕੀਰਤ ਸਿੰਘ, ਚੋਣ ਕਾਨੂੰਨਗੋ ਆਦਿ ਹਾਜ਼ਰ ਸਨ।



